Delhi Politics: ਕੇਜਰੀਵਾਲ ਦਾ ਪੁਜਾਰੀਆਂ ਤੇ ਗ੍ਰੰਥੀਆਂ ਨੂੰ 18000 ਮਾਸਕ ਦੇਣ ਦਾ ਵਾਅਦਾ
ਨਵੀਂ ਦਿੱਲੀ, 30 ਦਸੰਬਰ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਆਗਾਮੀ ਚੋਣਾਂ ਵਿਚ ਮੁੜ ਦਿੱਲੀ ’ਚ ਸੱਤਾ ਸੰਭਾਲਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਹਿੰਦੂ ਮੰਦਰਾਂ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18,000 ਰੁਪਏ ਦਾ ਮਹੀਨਾਵਾਰ ਭੱਤਾ ਦੇਣ ਲਈ 'ਪੁਜਾਰੀ ਗ੍ਰੰਥੀ ਸਨਮਾਨ ਯੋਜਨਾ' ('Pujari Granthi Samman Yojana') ਸ਼ੁਰੂ ਕਰੇਗੀ। ਉਨ੍ਹਾਂ ਦਾ ਇਹ ਐਲਾਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਹੈ, ਜਿਸ ਵਿੱਚ 'ਆਪ' ਲਗਾਤਾਰ ਚੌਥੀ ਵਾਰ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਕੇਜਰੀਵਾਲ ਨੇ ਕਿਹਾ, "ਪੁਜਾਰੀ ਅਤੇ ਗ੍ਰੰਥੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹਨ, ਪਰ ਉਹ ਅਕਸਰ ਇੱਕ ਅਣਗੌਲਿਆ ਵਰਗ ਹੁੰਦੇ ਹਨ। ਦੇਸ਼ ਵਿੱਚ ਪਹਿਲੀ ਵਾਰ, ਅਸੀਂ ਉਨ੍ਹਾਂ ਦੀ ਸਹਾਇਤਾ ਲਈ ਇੱਕ ਯੋਜਨਾ ਪੇਸ਼ ਕਰ ਰਹੇ ਹਾਂ, ਜਿਸ ਤਹਿਤ ਉਨ੍ਹਾਂ ਨੂੰ 18,000 ਰੁਪਏ ਦਾ ਮਾਸਕ ਭੱਤਾ ਮਿਲੇਗਾ।" ਇਸ ਯੋਜਨਾ ਲਈ ਰਜਿਸਟਰੇਸ਼ਨ ਮੰਗਲਵਾਰ ਤੋਂ ਸ਼ੁਰੂ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਮੰਗਲਵਾਰ ਨੂੰ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਉੱਥੇ ਪੁਜਾਰੀਆਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਭਰ ਦੇ ਹੋਰ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਵੀ 'ਆਪ' ਵਰਕਰਾਂ ਦੁਆਰਾ ਰਜਿਸਟਰੇਸ਼ਨ ਕੀਤੀ ਜਾਵੇਗੀ ਕੇਜਰੀਵਾਲ ਨੇ ਭਾਜਪਾ 'ਤੇ ਉਨ੍ਹਾਂ ਦੀ ਪਾਰਟੀ ਦੀਆਂ ਕਈ ਭਲਾਈ ਯੋਜਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ।
ਉਨ੍ਹਾਂ ਕਿਹਾ, "ਜਿਵੇਂ ਭਾਜਪਾ ਨੇ ਪੁਲੀਸ ਭੇਜ ਕੇ ਮਹਿਲਾ ਸਨਮਾਨ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕੀ, ਉਸੇ ਤਰ੍ਹਾਂ ਉਨ੍ਹਾਂ ਨੂੰ 'ਪੁਜਾਰੀ-ਗ੍ਰੰਥੀ ਸਨਮਾਨ' ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਜਪਾ ਅਜਿਹਾ ਕਰਕੇ ਬਹੁਤ ਵੱਡਾ ਪਾਪ ਕਰੇਗੀ।’’
ਉਨ੍ਹਾਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਇਹ ਯੋਜਨਾ ਸਮਾਜ ਵਿੱਚ ਉਨ੍ਹਾਂ ਦੇ ਅਧਿਆਤਮਿਕ ਯੋਗਦਾਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਉਨ੍ਹਾਂ ਦੇ ਯਤਨਾਂ ਨੂੰ ਸ਼ਰਧਾਂਜਲੀ ਹੈ।" ਉਂਝ ਸਾਬਕਾ ਮੁੱਖ ਮੰਤਰੀ ਨੇ ਰਜਿਸਟਰੇਸ਼ਨ ਪ੍ਰਕਿਰਿਆ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਦੱਸੇ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਮਾਣਭੱਤਾ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਗਿਣਤੀ ਲਈ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਸ਼ਰ ਕੀਤੀ ਜਾਵੇਗੀ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ (Delhi Chief Minister Atishi) ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਐਕਸ (X) ਉਤੇ ਇਕ ਪੋਸਟ ਵਿਚ ਕਿਹਾ, "ਜਦੋਂ ਆਮ ਆਦਮੀ ਪਾਰਟੀ ਦਿੱਲੀ ਵਿੱਚ ਦੁਬਾਰਾ ਸਰਕਾਰ ਬਣਾਵੇਗੀ ਹੈ, ਤਾਂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰੂਦੁਆਰਾ ਗ੍ਰੰਥੀਆਂ ਨੂੰ ਪ੍ਰਤੀ ਮਹੀਨਾ 18,000 ਰੁਪਏ ਦਾ ਮਾਣਭੱਤਾ ਦਿੱਤਾ ਜਾਵੇਗਾ ਜੋ ਪੀੜ੍ਹੀਆਂ ਤੋਂ ਸਾਡੇ ਸੱਭਿਆਚਾਰ ਅਤੇ ਸੱਭਿਅਤਾ ਨੂੰ ਸੰਭਾਲ ਰਹੇ ਹਨ ਅਤੇ ਅੱਗੇ ਵਧਾ ਰਹੇ ਹਨ। ਅਰਵਿੰਦ ਕੇਜਰੀਵਾਲ ਜੀ ਦਾ ਫੈਸਲਾ ਨਾ ਸਿਰਫ਼ ਪੁਜਾਰੀਆਂ ਅਤੇ ਗ੍ਰੰਥੀਆਂ ਦੀ ਸੇਵਾ ਪ੍ਰਤੀ ਸ਼ੁਕਰਾਨਾ ਹੈ, ਸਗੋਂ ਸਾਡੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਵੀ ਹੈ।”
ਇਸ ਦੌਰਾਨ, ਦਿੱਲੀ ਵਿੱਚ ਦਿੱਲੀ ਵਕਫ਼ ਬੋਰਡ ਅਧੀਨ ਮਸਜਿਦਾਂ ਦੇ ਇਮਾਮਾਂ ਅਤੇ ਮੁਅਜ਼ਿਨਾਂ ਨੇ ਆਪਣੀਆਂ ਤਨਖਾਹਾਂ ਜਾਰੀ ਕਰਨ ਵਿੱਚ ਦੇਰੀ ਨੂੰ ਲੈ ਕੇ ਕੇਜਰੀਵਾਲ ਦੇ ਨਿਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮਾਸਿਕ ਮਾਣ ਭੱਤਾ 18,000 ਰੁਪਏ (ਇਮਾਮਾਂ ਲਈ) ਅਤੇ 16,000 ਰੁਪਏ (ਮੁਅਜ਼ਿਨਾਂ ਲਈ) ਡੇਢ ਸਾਲ ਤੋਂ ਵੱਧ ਸਮੇਂ ਤੋਂ ਦੇਰੀ ਨਾਲ ਮਿਲ ਰਿਹਾ ਹੈ। -ਪੀਟੀਆਈ