Delhi Politics: ਦਿੱਲੀ ਦੀ ਮੁੱਖ ਮੰਤਰੀ Atishi ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ: ਕੇਜਰੀਵਾਲ
ਨਵੀਂ ਦਿੱਲੀ, 25 ਦਸੰਬਰ
ਦਿੱਲੀ ਦੀ ਹਾਕਮ ਧਿਰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦੋੋਸ਼ ਲਾਇਆ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਆਤਿਸ਼ੀ ਨੂੰ ਆਗਾਮੀ ਦਿਨਾਂ ਦੌਰਾਨ ਕਿਸੇ ‘ਫ਼ਰਜ਼ੀ’ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ਉਤੇ ਇਕ ਪੋਸਟ ਵਿਚ ਕਹੀ ਹੈ।
ਗ਼ੌਰਤਲਬ ਹੈ ਕਿ ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਅਤੇ ਸਿਹਤ ਵਿਭਾਗਾਂ ਨੇ ਬੁੱਧਵਾਰ ਨੂੰ ਇਕ ਜਨਤਕ ਨੋਟਿਸ ਜਾਰੀ ਕਰ ਕੇ ਸੱਤਾਧਾਰੀ 'ਆਪ' ਦੇ ਵਾਅਦਿਆਂ ਉਤੇ ਆਧਾਰਤ ਯੋਜਨਾਵਾਂ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ। ਇਨ੍ਹਾਂ ਯੋਜਨਾਵਾਂ ਰਾਹੀਂ ‘ਆਪ’ ਨੇ ਔਰਤਾਂ ਨੂੰ 2,100 ਰੁਪਏ ਮਾਸਕ ਦੇਣ ਅਤੇ ਬਜ਼ੁਰਗਾਂ ਲਈ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਦਿੱਲੀ ਸਰਕਾਰ ਦੇ ਵਿਭਾਗਾਂ ਦੀ ਇਸ ਕਾਰਵਾਈ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।
ਦੋਵਾਂ ਵਿਭਾਗਾਂ ਨੇ ਲੋਕਾਂ ਨੂੰ ਅਜਿਹੀਆਂ ਕਿਸੇ ਤਰ੍ਹਾਂ ਦੀਆਂ ਵੀ ‘ਗ਼ੈਰਮੌਜੂਦ’ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਦੇ ਬਹਾਨੇ ਕਿਸੇ ਨੂੰ ਵੀ ਆਪਣੇ ਨਿੱਜੀ ਵੇਰਵੇ ਦੇਣ ਖ਼ਿਲਾਫ਼ ਖ਼ਬਰਦਾਰ ਕੀਤਾ ਹੈ ਅਤੇ ਆਖਿਆ ਕਿ ਕੋਈ ਵੀ ਨਿੱਜੀ ਵਿਅਕਤੀ ਜਾਂ ਸਿਆਸੀ ਪਾਰਟੀ ਜੇ ਫਾਰਮ ਭਰਵਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਜਾਣਕਾਰੀ ਇਕੱਠੀ ਕਰ ਰਹੀ ਹੈ, ਤਾਂ ਉਹ ‘ਧੋਖਾਧੜੀ ਹੈ ਅਤੇ ਬਿਨਾਂ ਕਿਸੇ ਅਧਿਕਾਰ ਦੇ’ ਹੈ।
ਵਿਭਾਗਾਂ ਦੀ ਇਹ ਕਾਰਵਾਈ 'ਆਪ' ਆਗੂਆਂ ਵੱਲੋਂ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ (Mukhya Mantri Mahila Samman Yojana) ਅਤੇ ਸੰਜੀਵਨੀ ਯੋਜਨਾ (Sanjeevani Yojana) ਲਈ ਲੋਕਾਂ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ ਅਤੇ ਇਸ ’ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਖ਼ਤ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਰਜਿਸਟ੍ਰੇਸ਼ਨ ਮੁਹਿੰਮ ਦੀ ਅਗਵਾਈ ਕਰ ਰਹੇ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਇਨ੍ਹਾਂ ਦੋਵਾਂ ਯੋਜਨਾਵਾਂ ਤੋਂ ਘਬਰਾ ਗਈ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਆਤਿਸ਼ੀ ਨੂੰ ਆਉਣ ਵਾਲੇ ਦਿਨਾਂ ਵਿੱਚ ਇੱਕ ‘ਫ਼ਰਜ਼ੀ’ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਆਪਣੀ ਟਵੀਟ ਵਿਚ ਕਿਹਾ, "ਉਹ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਤੋਂ ਪੂਰੀ ਤਰ੍ਹਾਂ ਘਬਰਾ ਗਏ ਹਨ। ਉਨ੍ਹਾਂ ਅਗਲੇ ਕੁਝ ਦਿਨਾਂ ਵਿੱਚ ਫ਼ਰਜ਼ੀ ਕੇਸ ਬਣਾ ਕੇ ਮੁੱਖ ਮੰਤਰੀ ਆਤਿਸ਼ੀ ਜੀ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾਈ ਹੈ।" ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਤਿਸ਼ੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸੀਨੀਅਰ 'ਆਪ' ਆਗੂਆਂ ਖ਼ਿਲਾਫ਼ ਛਾਪੇ ਮਾਰੇ ਜਾਣਗੇ।
ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ (BJP MP Bansuri Swaraj) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਸਿਹਤ ਸਕੱਤਰ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੋਈ "ਸੰਜੀਵਨੀ ਯੋਜਨਾ" ਮੌਜੂਦ ਨਹੀਂ ਹੈ। ਦੋਵਾਂ ਯੋਜਨਾਵਾਂ ਦਾ ਐਲਾਨ ਕੇਜਰੀਵਾਲ ਨੇ ਅਗਲੇ ਸਾਲ ਫਰਵਰੀ ਮਹੀਨੇ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਦੇ ਮੱਦੇਨਜ਼ਰ ਕੀਤਾ ਸੀ ਅਤੇ 'ਆਪ' ਨੇ ਮੁਹਿੰਮ ਦੇ ਤੌਰ ’ਤੇ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਸੀ। ‘ਆਪ’ ਆਗੂਆਂ ਨੂੰ ਜਾਪਦਾ ਹੈ ਕਿ ਇਹ ਤਰੀਕਾ ਵੋਟਰਾਂ ਨੂੰ ਲੁਭਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ, ਕਿਉਂਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਅਜਿਹੀਆਂ ਯੋਜਨਾਵਾਂ ਕਈ ਸੂਬਿਆਂ ਵਿਚ ਸੱਤਾਧਾਰੀ ਪਾਰਟੀਆਂ ਨੂੰ ਸੱਤਾ ਦਿਵਾਉਣ ਵਿਚ ਸਹਾਈ ਹੋਈਆਂ ਹਨ। -ਪੀਟੀਆਈ