For the best experience, open
https://m.punjabitribuneonline.com
on your mobile browser.
Advertisement

ਦਿੱਲੀ ਪੁਲੀਸ ਨੇ ‘ਐਕਸ’ ਨੂੰ ਲਿਖਿਆ ਪੱਤਰ

07:19 AM Jul 09, 2024 IST
ਦਿੱਲੀ ਪੁਲੀਸ ਨੇ ‘ਐਕਸ’ ਨੂੰ ਲਿਖਿਆ ਪੱਤਰ
Advertisement

ਨਵੀਂ ਦਿੱਲੀ, 8 ਜੁਲਾਈ
ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੀ ਮੁਖੀ ਰੇਖਾ ਸ਼ਰਮਾ ਬਾਰੇ ਅਪਮਾਨਜਨਕ ਟਿੱਪਣੀ ਸਬੰਧੀ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਇੱਕ ਦਿਨ ਮਗਰੋਂ ਦਿੱਲੀ ਪੁਲੀਸ ਨੇ ਅੱਜ ਸੋਸ਼ਲ ਮੀਡੀਆ ਕੰਪਨੀ ‘ਐਕਸ’ ਤੋਂ ਲੋਕ ਸਭਾ ਮੈਂਬਰ ਦੀ ਹੁਣ ਹਟਾਈ ਜਾ ਚੁੱਕੀ ਟਿੱਪਣੀ ਦਾ ਵੇਰਵਾ ਮੰਗਿਆ ਹੈ। ਮੋਇਤਰਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 79 ਤਹਿਤ ਕੇਸ ਦਰਜ ਕੀਤਾ ਗਿਆ ਹੈ, ਜੋ ਕਿਸੇ ਮਹਿਲਾ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ਼ਬਦ ਦੀ ਵਰਤੋਂ, ਇਸ਼ਾਰੇ ਜਾਂ ਗਲਤ ਹਰਕਤ ਨਾਲ ਸਬੰਧਿਤ ਹੈ। ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇਤਾ ਨੇ ‘ਐਕਸ’ ਉੱਤੇ ਪੋਸਟ ਕੀਤੀ ਗਈ ਇੱਕ ਵੀਡੀਓ ’ਤੇ ਟਿੱਪਣੀ ਕੀਤੀ ਸੀ। ਵੀਡੀਓ ਵਿੱਚ ਰੇਖਾ ਸ਼ਰਮਾ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਭਗਦੜ ਸਥਾਨ ’ਤੇ ਚਾਰ ਜੁਲਾਈ ਨੂੰ ਜਾਂਦੀ ਦਿਖ ਰਹੀ ਸੀ। ਹਾਲਾਂਕਿ ਮੋਇਤਰਾ ਨੇ ਬਾਅਦ ਵਿੱਚ ਇਸ ਪੋਸਟ ਨੂੰ ਹਟਾ ਦਿੱਤਾ, ਜਿਸ ਵਿੱਚ ਕੌਮੀ ਮਹਿਲਾ ਕਮਿਸ਼ਨ ਮੁਖੀ ਨਾਲ ਛਤਰੀ ਫੜੀ ਇੱਕ ਵਿਅਕਤੀ ਦੇ ਚੱਲਣ ਦਾ ਜ਼ਿਕਰ ਕੀਤਾ ਗਿਆ ਸੀ।
ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ‘ਐਕਸ’ ਨੂੰ ਪੱਤਰ ਲਿਖਿਆ ਹੈ ਅਤੇ ਸੋਸ਼ਲ ਮੀਡੀਆ ਕੰਪਨੀ ਤੋਂ ਜਵਾਬ ਮਿਲਣ ਦੀ ਉਡੀਕ ਹੈ। ਸੂਤਰਾਂ ਨੇ ਦੱਸਿਆ ਕਿ ਪੋਸਟ ਦਾ ਵੇਰਵਾ ਜਾਂਚ ਲਈ ਜ਼ਰੂਰੀ ਹੈ, ਹਾਲਾਂਕਿ ਜਾਂਚ ਕਰਤਾ ਇਸ ਦਾ ਸਕਰੀਨਸ਼ਾਟ ਪਹਿਲਾਂ ਹੀ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਆਗਾਮੀ ਦਿਨਾਂ ਦੌਰਾਨ ਮੋਇਤਰਾ ਨੂੰ ਤਲਬ ਕੀਤਾ ਜਾ ਸਕਦਾ ਹੈ। ਦਿੱਲੀ ਪੁਲੀਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼ ਯੂਨਿਟ ਨੂੰ ਮਾਮਲੇ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਪੁਲੀਸ ਕਮਿਸ਼ਨਰ ਨੂੰ ਐੱਨਸੀਡਬਲਿਊ ਵੱਲੋਂ ਦਿੱਤੀ ਗਈ ਇੱਕ ਸ਼ਿਕਾਇਤ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਐੱਨਸੀਡਬਲਿਊ ਨੇ ਮੋਇਤਰਾ ਦੀ ਅਪਮਾਨਜਨਕ ਟਿੱਪਣੀ ਦਾ ਖੁਦ ਨੋਟਿਸ ਲਿਆ ਹੈ। ਐੱਫਆਈਆਰ ਵਿੱਚ ਕਿਹਾ ਗਿਆ ਹੈ, ‘‘ਮੋਇਤਰਾ ਦੀਆਂ ਅਸ਼ਲੀਲ ਟਿੱਪਣੀਆਂ ਬੇਹੱਦ ਅਪਮਾਨਜਨਕ ਹਨ ਅਤੇ ਔਰਤਾਂ ਦੇ ਸਨਮਾਨਜਨਕ ਜੀਵਨ ਜਿਉਣ ਦੇ ਅਧਿਕਾਰ ਦੀ ਉਲੰਘਣਾ ਕਰਦੀਆਂ ਹਨ।’’ -ਪੀਟੀਆਈ

Advertisement

Advertisement
Advertisement
Author Image

Advertisement