ਦਿੱਲੀ ਪੁਲੀਸ ਵੱਲੋਂ 2000 ਕਰੋੜ ਦੀ 560 ਕਿੱਲੋ ਤੋਂ ਵੱਧ ਕੋਕੀਨ ਜ਼ਬਤ
* ਮਹਿਰੌਲੀ ਇਲਾਕੇ ’ਚੋਂ ਬਰਾਮਦ ਹੋਈ ਕੋਕੀਨ
* ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਕਤੂਬਰ
ਦਿੱਲੀ ਪੁਲੀਸ ਨੇ ਸ਼ਹਿਰ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 560 ਕਿਲੋ ਤੋਂ ਵੱਧ ਕੋਕੀਨ ਜ਼ਬਤ ਕੀਤੀ ਗਈ ਹੈ, ਜਿਸ ਦੀ ਕੀਮਤ ਲਗਪਗ 2,000 ਕਰੋੜ ਰੁਪਏ ਬਣਦੀ ਹੈ। ਇਸ ਸਬੰਧ ਵਿੱਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਪੁਲੀਸ ਸਪੈਸ਼ਲ ਸੈੱਲ ਦੀ ਟੀਮ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ’ਚੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 565 ਕਿੱਲੋ ਤੋਂ ਵੱਧ ਭਾਰ ਵਾਲੀ ਖੇਪ ਜ਼ਬਤ ਕੀਤੀ। ਉਨ੍ਹਾਂ ਮੁਤਾਬਕ ਫੜੇ ਵਿਅਕਤੀਆਂ ਵੱਲੋਂ ਵਿਦੇਸ਼ ਤੋਂ ਪ੍ਰਾਪਤ ਕੀਤੀ ਇਹ ਕੋਕੀਨ ਦਿੱਲੀ ਤੇ ਐੱਨਸੀਆਰ ਵਿੱਚ ਵੇਚੀ ਜਾਣੀ ਸੀ। ਉਨ੍ਹਾਂ ਮੁਤਾਬਕ ਸਪੈਸ਼ਲ ਸੈੱਲ ਟੀਮ ਸੂਹ ਦੇ ਅਧਾਰ ’ਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋੋਂ ਇਸ ਅਪਰੇਸ਼ਨ ’ਚ ਜੁਟੀ ਹੋਈ ਸੀ, ਜਿਸ ਨੇ ਤਿਉਹਾਰੀ ਸੀਜ਼ਨ ਤੋਂ ਥੋੜ੍ਹਾ ਸਮਾਂ ਪਹਿਲਾਂ ਨਸ਼ਿਆਂ ਦੇ ਇਸ ਰੈਕੇਟ ਦੇ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲੀਸ ਦੇ ਵਧੀਕ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਕਿਹਾ ਕਿ ਇਹ ਨਸ਼ੀਲਾ ਪਦਾਰਥ ਵੱਡੀਆਂ ਬੋਰੀਆਂ ਵਿੱਚ ਪਾ ਕੇ ਇੱਕ ਟਰੱਕ ’ਚ ਲੁਕਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ, ‘ਇਹ ਬਰਾਮਦਗੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਸਾਡੇ ਅਣਥੱਕ ਯਤਨਾਂ ਦਾ ਸਿੱਟਾ ਹੈ।’ ਉਨ੍ਹਾਂ ਆਖਿਆ ਕਿ ਸਪੈਸ਼ਲ ਸੈੱਲ ਨੇ ਨਸ਼ਿਆਂ ਦੀ ਬਰਾਮਦਗੀ ਅਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਗਰੋਹ ਦੀਆਂ ਹਰਕਤਾਂ ਦਾ ਪਤਾ ਲਾਇਆ ਅਤੇ ਖੁਫੀਆ ਜਾਣਕਾਰੀ ਇਕੱਠੀ ਕੀਤੀ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਗਰੋਹ ਦਾ ਕਥਿਤ ਸਰਗਨਾ ਵੀ ਸ਼ਾਮਲ ਹੈ। ਵਧੀਕ ਕਮਿਸ਼ਨਰ ਨੇ ਗਰੋਹ ਦੇ ਕੌਮਾਂਤਰੀ ਡਰੱਗ ਸਿੰਡੀਕੇਟਾਂ ਨਾਲ ਸਬੰਧਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।