ਜੀ-20 ਸੰਮੇਲਨ ਲਈ ਦਿੱਲੀ ਪੁਲੀਸ ਮੁਸਤੈਦ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਸਤੰਬਰ
ਜੀ-20 ਸਿਖਰ ਸੰਮਲੇਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦੇ ਸਬੰਧ ’ਚ ਕੌਮੀ ਰਾਜਧਾਨੀ ਦਿੱਲੀ ਦੀਆਂ ਗੁਆਂਢੀ ਰਾਜਾਂ ਨਾਲ ਲੱਗਦੀਆਂ ਹੱਦਾਂ ’ਤੇ ਚੌਕਸੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪਾਲਮ ਹਵਾਈ ਅੱਡੇ ’ਤੇ ਖਾਸ ਪ੍ਰਬੰਧ ਕੀਤੇ ਗਏ ਹਨ
ਪੁਲੀਸ ਵੱਲੋਂ ਦਿੱਲੀ ਆਉਣ ਵਾਲੇ ਹਰ ਇਕ ਵਾਹਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਜਾਂਚ ਕਾਰਨ ਲੋਕਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਲਈ ਪਹਿਲਾਂ ਨਾਲੋਂ ਵੱਧ ਸਮਾਂ ਲੱਗ ਰਿਹਾ ਹੈ। ਜਾਣਕਾਰੀ ਅਨੁਸਾਰ ਜਾਂਚ ਕਾਰਨ ਫਰੀਦਾਬਾਦ-ਬਦਰਪੁਰ ਬਾਰਡਰ, ਦਿੱਲੀ-ਗੁਰੂਗ੍ਰਾਮ ਦੀ ਹੱਦ, ਦਿੱਲੀ-ਗਾਜ਼ੀਆਬਾਦ ਤੇ ਦਿੱਲੀ ਨੋਇਡਾ ਦੇ ਬਾਰਡਰ ’ਤੇ ਦੇਖਣ ਨੂੰ ਮਿਲਿਆ। ਬਦਰਪੁਰ ਬਾਰਡਰ ’ਤੇ ਗੱਡੀਆਂ ਦੀ ਕਤਾਰ ਲੱਗ ਗਈ। ਜ਼ਿਕਰਯੋਗ ਹੈ ਕਿ ਦਿੱਲੀ ਨਾਲ ਲੱਗਦੇ ਖੇਤਰਾਂ ਫਰੀਦਾਬਾਦ-ਗੁਰੂਗ੍ਰਾਮ ਦੇ ਪਹਾੜੀ ਵਾਲੇ ਰਾਹ ਦੇ ਟੌਲ ਪਲਾਜ਼ਾ ਤੋਂ ਇਲਾਵਾ ਸਹੋਲਾ ਟੌਲ ਪਲਾਜ਼ਾ, ਖੇਕੜੀ ਢੋਲਾ ਸਮੇਤ 20 ਤੋਂ ਵੱਧ ਥਾਵਾਂ ’ਤੇ ਹਰਿਆਣਾ ਪੁਲੀਸ ਤੇ ਦੋਨਾਂ ਸ਼ਹਿਰਾਂ ਦੀਆਂ ਦਿੱਲੀ ਨਾਲ ਲੱਗਦੀਆਂ ਹੱਦਾਂ ’ਤੇ ਪੁਲੀਸ ਮੁਸਤੈਦ ਰਹੀ। ਇਸ ਤੋਂ ਇਲਾਵਾ ਦਿੱਲੀ ਟ੍ਰੈਫਿਕ ਪੁਲੀਸ ਵੱਲੋਂ 600 ਔਰਤਾਂ ਸਮੇਤ ਲਗਭਗ 10,000 ਟਰੈਫਿਕ ਅਧਿਕਾਰੀ ਤਾਇਨਾਤ ਰਹਿਣਗੇ। ਮਹਿਲਾ ਅਫਸਰਾਂ ਨੂੰ ਸੈਲਾਨੀਆਂ ਦੀ ਸਹਾਇਤਾ ਕਰਨ ਲਈ ਸਿਖਲਾਈ ਦਿੱਤੀ ਗਈ ਹੈ, ਸ਼ਿਸ਼ਟਾਚਾਰ ਅਤੇ ਅੰਗਰੇਜ਼ੀ ਦੀ ਮੁਹਾਰਤ ‘ਤੇ ਜ਼ੋਰ ਦਿੱਤਾ ਗਿਆ ਹੈ। ਲਗਭਗ 180 ਚਾਰ ਪਹੀਆ ਵਾਹਨ ਤੇ 950 ਦੋਪਹੀਆ ਵਾਹਨ ਤਾਇਨਾਤ ਕੀਤੇ ਜਾਣਗੇ।
ਕਾਬਿਲਗੌਰ ਹੈ ਕਿ ਭਾਰਤੀ ਫ਼ੌਜ ਦੇ ਪਾਲਮ ਤਕਨੀਕੀ ਹਵਾਈ ਅੱਡੇ ’ਤੇ ਵਿਸ਼ੇਸ਼ ਮਹਿਮਾਨਾਂ ਦੇ 70 ਦੇ ਕਰੀਬ ਜਹਾਜ਼ਾਂ ਨੂੰ ਉਤਰਨ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਦਿੱਲੀ ਦੇ ਨੇੜੇ ਦੇ ਸ਼ਹਿਰਾਂ ਵਿੱਚ ਚਾਰ ਅਜਿਹੇ ਹਵਾਈ ਅੱਡਿਆਂ ਨੂੰ ਰਾਖਵੇਂ ਹਵਾਈ ਅੱਡਿਆਂ ਵੱਜੋਂ ਤਿਆਰ ਰੱਖਿਆ ਗਿਆ ਹੈ ਜਿੱਥੇ ਸੰਕਟ ਦੀ ਘੜੀ ਵਿੱਚ ਲੋੜ ਪੈਣ ’ਤੇ ਵਿਦੇਸ਼ੀ ਮਹਿਮਾਨਾਂ ਦੀਆਂ ਉਡਾਣਾਂ ਉਤਾਰੀਆਂ ਜਾ ਸਕਣ। ਸਰਕਾਰ ਦੇ ਸੀਨੀਅਰ ਅਧਿਕਾਰੀ ਮੁਤਾਬਕ 7 ਸਤੰਬਰ ਤੋਂ ਫ਼ੌਜ ਦੇ ਲੜਾਕੂ ਜਹਾਜ਼ ਤਿਆਰ ਰਹਿਣਗੇ।
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ ਕੇ ਮਿਸ਼ਰਾ ਅਤੇ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਪਾਲਮ ਤਕਨੀਕੀ ਹਵਾਈ ਅੱਡੇ ‘ਤੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਜੀ-20 ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਣ ਵਾਲੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰ ਟ੍ਰੈਫਿਕ ਕੰਟਰੋਲ ਨੂੰ ਜੀ-20 ਸੰਮੇਲਨ ਦੌਰਾਨ ਹਾਈ ਅਲਰਟ ‘ਤੇ ਰਹਿਣ ਅਤੇ ਸਾਰੀਆਂ ਉਡਾਣਾਂ ‘ਤੇ ਨੇੜਿਓਂ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਧਾਰਾ 144 ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰੀ ਹੁਕਮਾਂ ਅਨੁਸਾਰ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਨੋਇਡਾ ਅਤੇ ਗਾਜ਼ੀਆਬਾਦ ਵਿੱਚ 15 ਅਕਤੂਬਰ ਤੱਕ ਧਾਰਾ 144 ਜਾਰੀ ਰਹੇਗੀ।
ਦਿੱਲੀ ਵਿੱਚ ਆਨਲਾਈਨ ਡਲਿਵਰੀ ਸੇਵਾਵਾਂ ’ਤੇ ਪਾਬੰਦੀ
ਨਵੀਂ ਦਿੱਲੀ: ਜੀ-20 ਸਿਖਰ ਸੰਮੇਲਨ ਦੌਰਾਨ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਦਵਾਈਆਂ ਨੂੰ ਛੱਡ ਕੇ ਬਾਕੀ ਆਨਲਾਈਨ ਡਲਿਵਰੀ ਸੇਵਾਵਾਂ ’ਤੇ ਪਾਬੰਦੀ ਰਹੇਗੀ। ਵਿਸ਼ੇਸ਼ ਪੁਲੀਸ ਕਮਿਸ਼ਨਰ (ਟਰੈਫਿਕ) ਐੱਸਐੱਸ ਯਾਦਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਪੁਲੀਸ ਵੱਲੋਂ 25 ਅਗਸਤ ਨੂੰ ਜਾਰੀ ਕੀਤੀ ਗਈ ਟਰੈਫ਼ਿਕ ਐਡਵਾਈਜ਼ਰੀ ’ਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ’ਚ ਡਾਕ ਤੇ ਮੈਡੀਕਲ ਸੇਵਾਵਾਂ, ਮੈਡੀਕਲ ਜਾਂਚ ਲਈ ਨਮੂਨੇ ਇਕੱਠੇ ਕਰਨ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਖੇਤਰ ’ਚ ਵਪਾਰਕ ਗਤੀਵਿਧੀਆਂ ’ਤੇ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਆਨਲਾਈਨ ਡਿਲੀਵਰੀ ਸੇਵਾਵਾਂ ਦੀ ਇਜਾਜ਼ਤ ਨਹੀਂ ਹੋਵੇਗੀ, ਪਰ ਦਵਾਈਆਂ ਦੀ ਡਿਲੀਵਰੀ ਕੀਤੀ ਜਾ ਸਕੇਗੀ। ਇਸ ਦੌਰਾਨ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸੁਪਰੀਮ ਕੋਰਟ ਸਟੇਸ਼ਨ ਨੂੰ ਛੱਡ ਕੇ ਹੋਰ ਥਾਵਾਂ ’ਤੇ ਮੈਟਰੋ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵੀਆਈਪੀ ਆਵਾਜਾਈ ਤੇ ਸੁਰੱਖਿਆ ਪਾਬੰਦੀਆਂ ਕਾਰਨ ਮੈਟਰੋ ਸਟੇਸ਼ਨਾਂ ’ਤੇ 10-15 ਮਿੰਟ ਲਈ ਗੇਟ ਬੰਦ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਹੋਟਲ ਬੁੱਕ ਕੀਤੇ ਹਨ ਤੇ ਜੋ ਹਵਾਈ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਆ ਰਹੇ ਹਨ, ਨੂੰ ਯਾਤਰਾ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਜਾਂਚ ਲਈ ਯਾਤਰੀਆਂ ਨੂੰ ਟਿਕਟ, ਬੁਕਿੰਗ ਦੀ ਜਾਣਕਾਰੀ ਤੇ ਯੋਗ ਦਸਤਾਵੇਜ਼ ਦਿਖਾਣੇ ਪੈਣਗੇ। ਉਨ੍ਹਾਂ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ 10-15 ਮਿੰਟ ਦੀ ਦੇਰੀ ਹੋ ਸਕਦੀ ਹੈ, ਪਰ ਉਨ੍ਹਾਂ ਨੂੰ ਦਾਖ਼ਲੇ ਦੀ ਆਗਿਆ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਸਿਖਰ ਸੰਮੇਲਨ ਹੋਵੇਗਾ, ਜਿਸ ਦੀਆਂ ਤਿਆਰੀਆਂ ਲਈ ਪੁਲੀਸ ਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਹੈ। -ਪੀਟੀਆਈ
ਦਰਿਆਗੰਜ ਵਿੱਚ ਦੁਕਾਨਾਂ ਬੰਦ ਰੱਖਣ ਦਾ ਹੁਕਮ ਵਾਪਸ ਲਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਰਿਆਗੰਜ ਥਾਣੇ ਦੇ ਐੱਸਐੱਚਓ ਨੇ ਜੀ-20 ਸੰਮੇਲਨ ਦੌਰਾਨ ਦਫਤਰਾਂ, ਦੁਕਾਨਾਂ, ਵਾਹਨ ਪਾਰਕਿੰਗ, ਡੀਟੀਸੀ ਡਿੱਪੂ ਨੂੰ ਬੰਦ ਰੱਖਣ ਵਾਲਾ ਹੁਕਮ ਵਾਪਸ ਲੈ ਲਿਆ ਹੈ। ਐਤਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਾਰੇ ਸਰਕਾਰੀ/ਨਿੱਜੀ ਦਫ਼ਤਰਾਂ, ਦੁਕਾਨਾਂ, ਵਪਾਰਕ ਅਦਾਰਿਆਂ ਦੇ ਦਫ਼ਤਰ, ਸਿਨੇਮਾ ਹਾਲ, ਵਾਹਨ ਪਾਰਕਿੰਗ, ਬੈਂਕ ਅਤੇ ਸਕੂਲ, ਰਾਜਘਾਟ ਸਥਿਤ ਡੀਟੀਸੀ/ਕਲੱਸਟਰ ਬੱਸ ਡਿਪੂ, ਆਸਫ਼ ਅਲੀ ਰੋਡ, ਜੇਐਲਐਨ ਮਾਰਗ, ਨੇਤਾ ਜੀ. ਜੀ-20 ਸੰਮੇਲਨ ਲਈ ਸੁਭਾਸ਼ ਮਾਰਗ ਨਿਸ਼ਾਦ ਰਾਜ ਮਾਰਗ, ਦਯਾਨੰਦ ਰੋਡ, ਕੇਦਾਰਨਾਥ ਮਾਰਗ, ਪਦਮਚੰਦ ਮਾਰਗ ਅਤੇ ਅੰਸਾਰੀ ਰਾਓਡ ਦਰਿਆਗੰਜ ਅਤੇ ਦਰਿਆਗੰਜ ਥਾਣੇ ਦੇ ਅਧਿਕਾਰ ਖੇਤਰ ਵਿੱਚ 7 ਸਤੰਬਰ ਨੂੰ ਰਾਤ 10 ਵਜੇ ਤੋਂ 10 ਸਤੰਬਰ ਤੱਕ ਰਾਤ 10 ਵਜੇ ਤੱਕ ਬੰਦ ਰੱਖਿਆ ਜਾਣਾ ਸੀ। ਬਾਅਦ ਵਿੱਚ ਐਸਐਚਓ ਨੇ ਸੋਮਵਾਰ ਨੂੰ ਇੱਕ ਹੋਰ ਹੁਕਮ ਜਾਰੀ ਕਰਕੇ ਐਤਵਾਰ ਦਾ ਹੁਕਮ ਰੱਦ ਕਰ ਦਿੱਤਾ।
ਵੀਆਈਪੀ ਮਾਰਗਾਂ ’ਤੇ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਰੱਖਣ ਦੀਆਂ ਹਦਾਇਤਾਂ
ਨਵੀਂ ਦਿੱਲੀ: ਜੀ-20 ਸੰਮੇਲਨ ਦੀਆਂ ਤਿਆਰੀਆਂ ਤਹਿਤ ਦਿੱਲੀ ਪੁਲੀਸ ਨੇ ਮੈਟਰੋ ਦੇ ਉਨ੍ਹਾਂ ਸਟੇਸ਼ਨਾਂ ਦੇ ਗੇਟ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜੋ ਵੀਆਈਪੀ ਸ਼ਖਸੀਅਤਾਂ ਦੇ ਠਹਿਰਾਅ ਵਾਲੀਆਂ ਥਾਵਾਂ, ਉਨ੍ਹਾਂ ਦੇ ਆਉਣ ਜਾਣ ਦੇ ਮਾਰਗਾਂ ਤੇ ਸੰਮੇਲਨ ਵਾਲੀ ਥਾਂ ਵੱਲ ਖੁੱਲ੍ਹਦੇ ਹਨ। ਇਸ ਸਬੰਧੀ ਪੁਲੀਸ ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਵਿਚਾਲੇ ਅਧਿਕਾਰਤ ਗੱਲਬਾਤ ਹੋਈ, ਜਿਸ ਦੌਰਾਨ ਜੀ-20 ਸਿਖਰ ਸੰਮੇਲਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖਾਨ ਮਾਰਕੀਟ ਦੇ 3, ਮੋਤੀ ਬਾਗ ਦੇ 2, ਆਈਟੀਓ ਮੈਟਰੋ ਸਟੇਸ਼ਨ ਦੇ ਪੰਜ ਗੇਟਾਂ ਸਣੇ 20 ਤੋਂ ਵੱਧ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਰੱਖਣ ਲਈ ਆਖਿਆ ਹੈ। ਪੁਲੀਸ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਗੇਟ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ। -ਪੀਟੀਆਈ
ਘਰ ਤੋਂ ਕੰਮ ਕਰਨਗੇ ਮੁਲਾਜ਼ਮ
ਨਵੀਂ ਦਿੱਲੀ: ਜੀ-20 ਸਿਖਰ ਸੰਮੇਲਨ ਦੌਰਾਨ ਦਿੱਲੀ, ਨੋਇਡਾ ਤੇ ਗੁਰੂਗ੍ਰਾਮ ਸਥਿਤ ਦਫ਼ਤਰਾਂ ਵੱਲੋਂ ਆਪਣੇ ਮੁਲਜ਼ਮਾਂ ਲਈ ਘਰ ਤੋਂ ਕੰਮ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਵਿੱਚ 8 ਤੋਂ 10 ਸਤੰਬਰ ਤੱਕ ਸਾਰੇ ਨਿੱਜੀ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ, ਜਦੋਂ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਬੈਂਕ, ਬਾਜ਼ਾਰ ਤੇ ਹੋਰ ਸੰਸਥਾਵਾਂ ਵੀ ਬੰਦ ਰਹਿਣਗੀਆਂ। -ਪੀਟੀਆਈ