ਦਿੱਲੀ ਪੁਲੀਸ ਨੇ ਨਿਊਜ਼ਕਲਿੱਕ ਦਾ ਦਫ਼ਤਰ ਸੀਲ ਕੀਤਾ ਤੇ ਪੱਤਰਕਾਰਾਂ ’ਤੇ ਛਾਪਾ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਅੱਜ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਤਹਿਤ ਦਰਜ ਕੀਤੇ ਮਾਮਲੇ ਵਿੱਚ ਆਨਲਾਈਨ ਨਿਊਜ਼ ਪੋਰਟਲ 'ਨਿਊਜ਼ ਕਲਿੱਕ' ਅਤੇ ਇਸ ਦੇ ਪੱਤਰਕਾਰਾਂ ਨਾਲ ਜੁੜੇ 30 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਤੇ ਪੁਲੀਸ ਨੇ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ।ਨਿਊਜ਼ਕਲਿੱਕ ’ਤੇ ਚੀਨ ਦੇ ਪ੍ਰਚਾਰ ਲਈ ਪੈਸੇ ਲੈਣ ਦੇ ਦੋਸ਼ ਲੱਗਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ-ਕੌਮੀ ਰਾਜਧਾਨੀ ਖੇਤਰ (ਐੱਨਸੀਆਰ) 'ਚ ਮਾਰੇ ਛਾਪਿਆਂ ਦੌਰਾਨ ਉਰਮਿਲੇਸ਼ ਅਤੇ ਅਭਿਸਾਰ ਸ਼ਰਮਾ ਸਮੇਤ ਕੁਝ ਪੱਤਰਕਾਰਾਂ ਨੂੰ ਲੋਧੀ ਰੋਡ ਸਪੈਸ਼ਲ ਸੈੱਲ ਦੇ ਦਫਤਰ 'ਚ ਲਿਜਾਇਆ ਗਿਆ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਨਿਊਜ਼ਕਲਿੱਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਨਿਊਜ਼ ਪੋਰਟਲ ਦੇ ਦੱਖਣੀ ਦਿੱਲੀ ਦੇ ਦਫ਼ਤਰ ਲਿਜਾਇਆ ਗਿਆ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਭੁਵਨੇਸ਼ਵਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਜਾਂਚ ਏਜੰਸੀਆਂ ਸੁਤੰਤਰ ਹਨ ਅਤੇ ਉਹ ਕਾਨੂੰਨ ਅਨੁਸਾਰ ਕੰਮ ਕਰਦੀਆਂ ਹਨ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਤੋਂ ਇਲਾਵਾ ‘ਪ੍ਰੈਸ ਕਲੱਬ ਆਫ਼ ਇੰਡੀਆ’ ਨੇ ਵੀ ਛਾਪੇਮਾਰੀ ’ਤੇ ਚਿੰਤਾ ਪ੍ਰਗਟਾਈ ਹੈ ਤੇ ਸਰਕਾਰ ਦੀ ਨਿਖੇਧੀ ਕੀਤੀ ਗਈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਤੋਂ ਪਹਿਲਾਂ ਨਿਊਜ਼ ਪੋਰਟਲ ਦੇ ਫੰਡਿੰਗ ਦੇ ਸਰੋਤਾਂ ਦੀ ਜਾਂਚ ਦੇ ਹਿੱਸੇ ਵਜੋਂ ਕੰਪਨੀ ਦੇ ਅਹਾਤੇ 'ਤੇ ਛਾਪੇਮਾਰੀ ਵੀ ਕੀਤੀ ਸੀ। ਸਪੈਸ਼ਲ ਸੈੱਲ ਕੇਂਦਰੀ ਏਜੰਸੀ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ 'ਨਿਊਜ਼ਕਲਿੱਕ' ਦੇ ਕੁਝ ਪੱਤਰਕਾਰਾਂ ਦੇ ਲੈਪਟਾਪ ਅਤੇ ਮੋਬਾਈਲ ਫੋਨਾਂ ਦਾ 'ਡੰਪ ਡਾਟਾ' (ਕੰਪਿਊਟਰ, ਲੈਪਟਾਪ ਜਾਂ ਮੋਬਾਈਲ ਤੋਂ ਕਿਸੇ ਹੋਰ ਡਵਿਾਈਸ 'ਤੇ ਟ੍ਰਾਂਸਫਰ ਕੀਤਾ ਗਿਆ ਡਾਟਾ) ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਸੈੱਲ ਨੇ ਨਵਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।