ਦਿੱਲੀ ਪੁਲੀਸ ਵੱਲੋਂ ਟਰੈਫਿਕ ਐਡਵਾਈਜ਼ਰੀ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਦਿੱਲੀ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਪੂਰੇ ਸ਼ਹਿਰ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ 4 ਅਤੇ 5 ਫਰਵਰੀ ਨੂੰ ਰੂਟਾਂ ਵਿੱਚ ਤਬਦੀਲੀ ਰਹੇਗੀ। ਦਿੱਲੀ ਵਿਧਾਨ ਸਭਾ ਚੋਣ ਨਾਲ ਸਬੰਧਤ ਬੱਸਾਂ ਅਤੇ ਸਰਕਾਰੀ ਵਾਹਨਾਂ ਦੀ ਆਵਾਜਾਈ ਕਾਰਨ ਸਰਕਾਰ ਦੇ ਸਟਰਾਂਗ ਰੂਮ-ਕਮ-ਕਾਊਂਟਿੰਗ ਸੈਂਟਰਾਂ ਵਾਲੀਆਂ ਕਈ ਸੜਕਾਂ ’ਤੇ ਆਵਾਜਾਈ ਦੀ ਪਾਬੰਦੀ ਹੋਵੇਗੀ। ਡਾ. ਐੱਮਸੀ ਡਾਵਰ ਮਾਰਗ (ਰੋਹਿਣੀ ਜੇਲ੍ਹ ਰੋਡ) ਬਾਦਲੀ ਰੋਡ (ਐੱਨਸੀਸੀ ਭਵਨ ਤੋਂ ਬੀ-4 ਰੋਡ, ਮਾਨਵ ਮਾਰਗ) ’ਤੇ ਪਾਬੰਦੀ ਰਹੇਗੀ। ਆਮ ਯਾਤਰੀਆਂ ਨੂੰ ਦੇਰੀ ਤੋਂ ਬਚਣ ਲਈ ਪ੍ਰਭਾਵਿਤ ਰੂਟ ਤੋਂ ਪ੍ਰਹੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਦੱਸੇ ਗਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨੇੜਲੇ ਖੇਤਰਾਂ ਵਿੱਚ ਯਾਤਰਾ ਕਰਨ ਵਾਲਿਆਂ ਨੂੰ ਵਾਧੂ ਯਾਤਰਾ ਸਮਾਂ ਰੱਖਣ ਦੀ ਲੋੜ ਹੈ।
ਆਵਾਜਾਈ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਜਿੱਥੇ ਵੀ ਸੰਭਵ ਹੋਵੇ ਜਨਤਕ ਆਵਾਜਾਈ ਦੀ ਵਰਤੋਂ ਕਰਨੀ ਚਾਹੀਦੀ ਹੈ।
ਵਿਸ਼ਵ ਪੁਸਤਕ ਮੇਲਾ ਅੱਜ ਰਹੇਗਾ ਬੰਦ
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2025 ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 5 ਫਰਵਰੀ ਨੂੰ ਬੰਦ ਹੋਵੇਗਾ। ਨੈਸ਼ਨਲ ਬੁੱਕ ਟਰੱਸਟ ਵੱਲੋਂ ਦੱਸਿਆ ਗਿਆ ਹੈ ਕਿ ਇਹ ਮੇਲਾ ਇਕ ਦਿਨ ਲਈ ਬੰਦ ਹੋਣ ਨਾਲ ਸਾਡੇ ਦਰਸ਼ਕਾਂ, ਸਟਾਫ਼ ਅਤੇ ਭਾਈਵਾਲਾਂ ਨੂੰ ਆਪਣੀ ਵੋਟ ਪਾਉਣ ਅਤੇ ਆਪਣੇ ਨਾਗਰਿਕ ਫਰਜ਼ ਨੂੰ ਪੂਰਾ ਕਰਨ ਦੀ ਇਜਾਜ਼ਤ ਮਿਲੇਗੀ। ਮੇਲਾ 6 ਫਰਵਰੀ ਨੂੰ ਮੁੜ ਸ਼ੁਰੂ ਹੋਵੇਗਾ ਅਤੇ 9 ਫਰਵਰੀ ਤੱਕ ਵਧੇ ਹੋਏ ਸਮੇਂ ਦੇ ਨਾਲ ਸਵੇਰੇ 10 ਤੋਂ ਰਾਤ 9 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਦਿੱਲੀ ਦੇ ਸਾਰੇ ਵਿਦਿਅਕ ਅਦਾਰੇ ਵੀ ਬੰਦ ਰਖਣ ਦਾ ਫ਼ੈਸਲਾ ਕੀਤਾ ਗਿਆ ਹੈ।