ਦਿੱਲੀ ਪੁਲੀਸ ਕਮਿਸ਼ਨਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੁਤੰਤਰਤਾ ਦਿਵਸ ਤੋਂ ਪਹਿਲਾਂ ਪੂਰੇ ਸ਼ਹਿਰ ਵਿਚ ਤਸਦੀਕ ਕਰਨ ਦੀ ਇਕ ਮੁਹਿੰਮ ਚਲਾਉਣ।
ਪੁਲੀਸ ਮੁਖੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇੱਕ ਮੀਟਿੰਗ ਵਿੱਚ ਸ਼ਹਿਰ ਦੇ 15 ਪੁਲੀਸ ਜ਼ਿਲ੍ਹਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਾ ਡੀ.ਸੀ.ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਖੇਤਰਾਂ ’ਚ ਗਸ਼ਤ ਤੇਜ਼ ਕਰਨ ਤੇ ਘਰ-ਘਰ ਜਾ ਕੇ ਤਸਦੀਕ ਕਰਨ। ਕਮਿਸ਼ਨਰ ਸ਼੍ਰੀਵਾਸਤਵ ਨੇ ਅੱਤਵਾਦ ਵਿਰੋਧੀ ਉਪਾਅ ਮਜ਼ਬੂਤ ਕਰਨ ਲਈ ਪੁਲੀਸ ਦੀ ਮੌਜੂਦਗੀ ਵਧਾਉਣ, ਕਮਜ਼ੋਰ ਥਾਵਾਂ ‘ਤੇ ਤਾਲਮੇਲ, ਕਿਰਾਏਦਾਰਾਂ ਤੇ ਨੌਕਰਾਂ ਦੀ ਪੜਤਾਲ, ਸਾਈਬਰ ਕੈਫੇ ਮਾਲਕਾਂ, ਸੁਰੱਖਿਆ ਗਾਰਡਾਂ, ਸੈਕਿੰਡ ਹੈਂਡ ਕਾਰ ਡੀਲਰਾਂ ਤੇ ਮੋਬਾਈਲ ਡੀਲਰਾਂ ਦੀ ਤਸਦੀਕ ਕਰਨ ‘ ਤੇ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਸੁਤੰਤਰਤਾ ਦਿਵਸ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਸਾਈਬਰ ਕ੍ਰਾਈਮ ਨਾਲ ਜੁੜੇ ਮੁੱਦਿਆਂ ਦੀ ਸਮੀਖਿਆ ਕੀਤੀ ਗਈ ਤੇ ਜਨਤਕ ਸ਼ਿਕਾਇਤਾਂ ਦੇ ਹੱਲ ਲਈ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਕੀਤੇ ਗਏ। ਪੱਛਮੀ, ਬਾਹਰੀ ਅਤੇ ਦੁਆਰਕਾ ਜ਼ਿਲ੍ਹਿਆਂ ਦੇ ਕਰਮਚਾਰੀਆਂ ਨੂੰ ਇਨਾਮ ਵੀ ਦਿੱਤੇ। ਸੁਤੰਤਰਤਾ ਦਿਵਸ ਦੇ ਪ੍ਰਬੰਧਾਂ ਲਈ ਤਿਆਰ ਹੁੰਦੇ ਹੋਏ ਉੱਤਰ ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲੀਸ ਕਰਮਚਾਰੀ ਪਹਿਲਾਂ ਹੀ ਤਾਇਨਾਤ ਕੀਤੇ ਗਏ ਹਨ ਤੇ ਹਜ਼ਾਰਾਂ ਸਟਾਫ ਲਈ ਹਥਿਆਰਾਂ ਦੀ ਸਿਖਲਾਈ ਪੂਰੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਟਾਫ ਨਿੱਜੀ ਜਾਂਚ ਵਾਲੇ ਉਪਕਰਨ (ਪੀਪੀਈ) ਕਿੱਟਾਂ ਪਹਨਿਣਗੇ ਤੇ ਹਰ ਚੈਕਿੰਗ ਤੋਂ ਬਾਅਦ ਸਨੀਟਾਈਜ਼ਰ ਦੀ ਵਰਤੋਂ ਕਰਨਗੇ।