ਦਿੱਲੀ ਪੁਲੀਸ ਨੇ ਕਾਰ ਚੋਰ ਗਰੋਹ ਦਾ ਪਰਦਾਫਾਸ਼ ਕੀਤਾ, ਪਟਿਆਲਾ ਵਾਸੀ ਮੁੱਖ ਸਰਗਨੇ ਸਣੇ 5 ਜਣੇ 14 ਕਾਰਾਂ ਸਣੇ ਕਾਬੂ
ਨਵੀਂ ਦਿੱਲੀ, 13 ਅਪਰੈਲ
ਦਿੱਲੀ ਪੁਲੀਸ ਨੇ ਅੱਜ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਅਤੇ ਇਸਦੇ ਆਲੇ-ਦੁਆਲੇ ਵਾਹਨ ਚੋਰੀ ਕਰਨ ਵਾਲੇ ਅੰਤਰ-ਰਾਜੀ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਅਤੇ 14 ਕਾਰਾਂ ਦੀ ਬਰਾਮਦਗੀ ਦੇ ਨਾਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਰੋਹ ਦਾ ਮੁੱਖ ਸਰਗਗਨਾ ਪਟਿਆਲਾ ਵਾਸੀ ਹਰਪ੍ਰੀਤ ਸਿੰਘ ਉਰਫ ਸਮਾਰਟੀ ਹੈ। ਉਹ ਇਸ ਸਮੇਂ ਦਿੱਲੀ ਵਿੱਚ ਰਹਿ ਰਿਹਾ ਹੈ। ਪੁਲੀਸ ਨੂੰ ਸੂਹ ਮਿਲੀ ਸੀ ਕਿ ਉਹ ਆਪਣੇ ਸਾਥੀ ਅਖ਼ਲਾਕ ਨਾਲ ਜਾਅਲੀ ਨੰਬਰ ਪਲੇਟ ਵਾਲੀ ਕਾਲੇ ਰੰਗ ਦੀ ਚੋਰੀ ਦੀ ਕਾਰ ਵਿੱਚ ਆ ਰਿਹਾ ਹੈ। ਪੁਲੀਸ ਨੇ ਇੰਦਰਪ੍ਰਸਥ ਪਾਰਕ ਵਿਖੇ ਜਾਲ ਵਿਛਾਇਆ ਅਤੇ ਕਾਰ ਨੂੰ ਰੋਕ ਲਿਆ। ਕਾਰ ’ਤੇ ਜਾਅਲੀ ਰਜਿਸਟ੍ਰੇਸ਼ਨ ਪਲੇਟ ਲੱਗੀ ਹੋਈ ਸੀ ਅਤੇ 34 ਸਾਲਾ ਹਰਪ੍ਰੀਤ ਸਿੰਘ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਦੂਜੇ ਮੁਲਜ਼ਮ ਦੀ ਪਛਾਣ ਅਖ਼ਲਾਕ ਖ਼ਾਨ ਵਾਸੀ ਹਰਿਦੁਆਰ, ਉੱਤਰਾਖੰਡ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਇਸ ਤਰ੍ਹਾਂ ਦੇ 40 ਕੇਸਾਂ ਵਿੱਚ ਸ਼ਾਮਲ ਸੀ। ਪੁੱਛ ਪੜਤਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਵੱਡੀ ਗਿਣਤੀ ਵਿੱਚ ਲਗਜ਼ਰੀ ਕਾਰਾਂ ਚੋਰੀ ਕਰਨ ਦਾ ਖੁਲਾਸਾ ਕੀਤਾ ਹੈ। ਉਹ ਜ਼ਿਆਦਾਤਰ ਕ੍ਰੇਟਾ ਹੁੰਡਈ ਅਤੇ ਸੇਲਟੋਸ ਕੀਆ ਕਾਰਾਂ ਚੋਰੀ ਕਰਦੇ ਸਨ ਅਤੇ ਮੇਰਠ ਅਤੇ ਪੰਜਾਬ ’ਚ ਵੇਚਦੇ ਸਨ। ਇਸ ਗਰੋਹ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ 50-60 ਦੇ ਕਰੀਬ ਕਾਰਾਂ ਚੋਰੀ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ। ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਤਿੰਨ ਹੋਰ ਮੁਲਜ਼ਮਾਂ ਸੁਖਦੇਵ, ਮਨਦੀਪ ਅਤੇ ਅਮਨਦੀਪ ਨੂੰ ਪੰਜਾਬ ਤੋਂ 13 ਹੋਰ ਚੋਰੀ ਦੀਆਂ ਕਾਰਾਂ ਦੀ ਬਰਾਮਦਗੀ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤਰ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 14 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਹਰਪ੍ਰੀਤ ਸਿੰਘ ਤਿੰਨ ਕੇਸਾਂ ਵਿੱਚ ਭਗੌੜਾ ਪਾਇਆ ਗਿਆ ਹੈ। ਹਰਪ੍ਰੀਤ ਸਿੰਘ, ਬੀ-ਟੈੱਕ ਗ੍ਰੈਜੂਏਟ ਹੈ, ਵਾਹਨਾਂ ਬਾਰੇ ਚੰਗੀ ਜਾਣਕਾਰੀ ਰੱਖਦਾ ਹੈ।