ਦਿੱਲੀ: ਇੰਸਟਾਗ੍ਰਾਮ ਰਾਹੀਂ ਜਾਗਿਆ ਅਪਰਾਧੀ ਬਣਨ ਦਾ ਸ਼ੌਕ, ਪੁਲੀਸ ਨੇ ਬਿਸ਼ਨੋਈ-ਕਾਲਾ ਗਰੋਹ ਦਾ 18 ਸਾਲਾ ਮੈਂਬਰ ਹਥਿਆਰਾਂ ਸਣੇ ਕਾਬੂ ਕੀਤਾ
ਨਵੀਂ ਦਿੱਲੀ, 6 ਜਨਵਰੀ
ਦਿੱਲੀ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ-ਕਾਲਾ ਰਾਣਾ ਸਿੰਡੀਕੇਟ ਦੇ ਪ੍ਰਮੁੱਖ ਮੈਂਬਰ ਅਤੇ ਸ਼ਾਰਪਸ਼ੂਟਰ ਨੂੰ ਸ਼ਹਿਰ ਦੇ ਰੋਹਿਣੀ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਪ੍ਰਦੀਪ ਸਿੰਘ (18) ਵਾਸੀ ਉਤਰਾਖੰਡ ਵਜੋਂ ਹੋਈ ਹੈ। ਦਿੱਲੀ ਪੁਲੀਸ ਨੇ ਦੱਸਿਆ, ‘ਉਸ ਦੇ ਕਬਜ਼ੇ ਵਿੱਚੋਂ .32 ਬੋਰ ਦੇ ਦੋ ਸੈਮੀ-ਆਟੋਮੈਟਿਕ ਪਿਸਤੌਲ ਅਤੇ ਨੌ ਕਾਰਤੂਸ ਬਰਾਮਦ ਕੀਤੇ ਗਏ ਹਨ। ਗੈਂਗਸਟਰ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਨੇ ਪ੍ਰਦੀਪ ਨੂੰ ਇੰਸਟਾਗ੍ਰਾਮ ਰਾਹੀਂ ਭਰਤੀ ਕੀਤਾ ਪੁਲੀਸ ਦੇ ਵਿਸ਼ੇਸ਼ ਕਮਿਸ਼ਨਰ (ਸਪੈਸ਼ਲ ਸੈੱਲ) ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਪ੍ਰਦੀਪ ਸਾਲ 2022 'ਚ ਆਪਣੀ ਪੜ੍ਹਾਈ ਛੱਡ ਕੇ ਗੁਰੂਗ੍ਰਾਮ ਆ ਗਿਆ, ਜਿੱਥੇ ਉਹ ਆਪਣੇ ਦੋਸਤ ਨਾਲ ਰਹਿਣ ਲੱਗਾ। ਉਹ ਇੰਸਟਾਗ੍ਰਾਮ 'ਤੇ ਗੈਂਗਸਟਰ ਕਾਲਾ ਰਾਣਾ ਦੀਆਂ ਰੀਲਾਂ ਦੇਖਦਾ ਸੀ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਤੋਂ ਪ੍ਰੇਰਿਤ ਹੁੰਦਾ ਸੀ। ਅਗਸਤ 2023 ਵਿੱਚ ਉਸ ਨੇ ਕਾਲਾ ਰਾਣਾ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਨਾ ਸ਼ੁਰੂ ਕੀਤਾ ਅਤੇ ਉਸ ਨੂੰ ਸੰਦੇਸ਼ ਭੇਜੇ ਕਿ ਉਹ ਪ੍ਰਸਿੱਧੀ ਲਈ ਉਸ ਦੇ ਗੈਂਗ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ।