For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀ ਰਾਜਧਾਨੀ ਖੋਹਣਾ ਚਾਹੁੰਦੀਆਂ ਨੇ ਦਿੱਲੀ ਦੀਆਂ ਪਾਰਟੀਆਂ: ਹਰਸਿਮਰਤ

07:38 AM May 23, 2024 IST
ਪੰਜਾਬ ਦੀ ਰਾਜਧਾਨੀ ਖੋਹਣਾ ਚਾਹੁੰਦੀਆਂ ਨੇ ਦਿੱਲੀ ਦੀਆਂ ਪਾਰਟੀਆਂ  ਹਰਸਿਮਰਤ
ਚੋਣ ਰੈਲੀ ਦੌਰਾਨ ਇੱਕ ਬਿਰਧ ਨੂੰ ਮਿਲਦੇ ਹੋਏ ਹਰਸਿਮਰਤ ਕੌਰ ਬਾਦਲ।
Advertisement

ਮਨੋਜ ਸ਼ਰਮਾ
ਬਠਿੰਡਾ, 22 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਅਤੇ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਉਹ
ਗੋਨਿਆਣਾ ਬਲਾਕ ਦੇ ਪਿੰਡ ਗੋਨਿਆਣਾ ਕਲਾਂ, ਖੁਰਦ, ਬਲਾੜ ਵਿੰਝੂ, ਅਕਲੀਆ ਕਲਾਂ, ਅਕਲੀਆ ਖੁਰਦ, ਗਿੱਲ ਪੱਤੀ ਆਦਿ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਚੋਣ ਮੈਦਾਨ ਵਿਚ ਨਿੱਤਰੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਤੋਂ ਪਹਿਲਾਂ ਇਸ ਦਾ ਪਾਣੀ ਤੇ ਰਾਜਧਾਨੀ ਖੋਹੀ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਇਸ ਤਜਵੀਜ਼ ਨੂੰ ਅਮਲੀ ਰੂਪ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਟਵਾਰੀਆਂ ਨੂੰ ਪੰਜਾਬ ਵਿਚ 100 ਫੀਸਦੀ ਖੇਤੀ ਰਕਬਾ ਨਹਿਰੀ ਪਾਣੀ ਸਿੰਜਦਾ ਹੋਣ ਦੀਆਂ ਜਾਅਲੀ ਐਂਟਰੀਆਂ ਪਾਉਣ ਦੀਆਂ ਹਦਾਇਤਾਂ ਕੀਤੀਆਂ ਹਨ, ਜਦੋਂਕਿ ਅਸਲ ਵਿਚ ਸਿਰਫ 22 ਤੋਂ 23 ਫੀਸਦੀ ਜ਼ਮੀਨ ਤੱਕ ਹੀ ਨਹਿਰੀ ਪਾਣੀ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸੁਪਰੀਮ ਕੋਰਟ ਵਿਚ ਇਹ ਰਿਪੋਰਟ ਦਿੱਤੀ ਜਾ ਸਕੇ ਕਿ ਪੰਜਾਬ ਕੋਲ ਨਹਿਰੀ ਪਾਣੀ ਵਾਧੂ ਹੈ ਤੇ ਫਿਰ ਅਦਾਲਤੀ ਹੁਕਮਾਂ ’ਤੇ ਸਤਲੁਜ ਯਮੁਨਾ ਲਿੰਕ ਨਹਿਰ ਪੂਰੀ ਕੀਤੀ ਜਾਵੇਗੀ ਤੇ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ।
ਚੰਡੀਗੜ੍ਹ ਦੇ ਰੁਤਬੇ ਬਾਰੇ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਦੀ ਗੱਲ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਧੇ ਤੌਰ ’ਤੇ ਹਰਿਆਣਾ ਨਾਲ ਖੜ੍ਹੀ ਹੋ ਕੇ ਪੰਜਾਬ ਦੇ ਸਟੈਂਡ ਨੂੰ ਖੋਰਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਿੱਲੀ ਆਧਾਰਿਤ ਪਾਰਟੀਆਂ ਬੇਨਕਾਬ ਹੋ ਗਈਆਂ ਹਨ ਜੋ ਪੰਜਾਬ ਤੋਂ ਇਸਦੀ ਰਾਜਧਾਨੀ ਖੋਹਣਾ ਚਾਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਚਾਹੁੰਦੇ ਹਨ ਕਿ ਪੰਜਾਬ ਦਾ ਇਕ ਬੂੰਦ ਵੀ ਪਾਣੀ ਹਰਿਆਣਾ ਨੂੰ ਨਾ ਜਾਵੇ ਅਤੇ ਚੰਡੀਗੜ੍ਹ ਪੰਜਾਬ ਨੂੰ ਮਿਲਣ ਦੀ ਲੜਾਈ ਲੜੀ ਜਾਵੇ ਤਾਂ ਇਸ ਵਾਸਤੇ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਨਹੀਂ ਦੱਸਿਆ ਕਿ ਚਿੱਟੀ ਮੱਖੀ ਤੇ ਗੜ੍ਹੇਮਾਰੀ ਕਾਰਨ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਹੈ, ਉਸਦਾ ਮੁਆਵਜ਼ਾ ਕਿਉਂ ਨਹੀਂ ਜਾਰੀ ਕੀਤਾ ਗਿਆ। ਇਹ ਦੋਵੇਂ ਚਿਹਰੇ ਕਿਸਾਨ ਵਿਰੋਧੀ ਹਨ।

Advertisement

Advertisement
Author Image

sukhwinder singh

View all posts

Advertisement
Advertisement
×