ਕਾਂਗਰਸ ਵੱਲੋਂ ‘ਦਿੱਲੀ ਨਿਆਏ ਯਾਤਰਾ’ 8 ਤੋਂ
ਨਵੀਂ ਦਿੱਲੀ, 28 ਅਕਤੂਬਰ
ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਤਰਜ਼ ਉੱਤੇ ਅਗਲੇ ਮਹੀਨੇ ‘ਦਿੱਲੀ ਨਿਆਏ ਯਾਤਰਾ’ ਕੱਢੀ ਜਾਵੇਗੀ। ਇਸ ਦਾ ਮਕਸਦ ਦਿੱਲੀ ਵਾਸੀਆਂ ਨਾਲ ਗੱਲਬਾਤ ਕਰਨਾ ਅਤੇ ਉਨ੍ਹਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਨੂੰ ਸਮਝਣਾ ਹੈ। ਯਾਦਵ ਨੇ ਕਿਹਾ ਕਿ ਇਹ ਯਾਤਰਾ 8 ਨਵੰਬਰ ਨੂੰ ਰਾਜਘਾਟ ਤੋਂ ਸ਼ੁਰੂ ਹੋਵੇਗੀ ਅਤੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਦਸੰਬਰ ਨੂੰ ਖ਼ਤਮ ਹੋਵੇਗੀ। ਯਾਦਵ ਨੇ ਇੱਥੇ ‘ਕਾਂਸਟੀਚਿਊਸ਼ਨ ਕਲੱਬ’ ਵਿੱਚ ‘ਦਿੱਲੀ ਨਿਆਏ ਯਾਤਰਾ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਯਾਤਰਾ ਦੇ ਚਾਰ ਪੜਾਅ ਹੋਣਗੇ।
ਯਾਦਵ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਯਾਤਰਾ 16 ਵਿਧਾਨ ਸਭਾ ਹਲਕਿਆਂ ਵਿੱਚੋਂ ਕੱਢੀ ਜਾਵੇਗੀ। ਉਨ੍ਹਾਂ ਕਿਹਾ, ‘‘ਯਾਤਰਾ 15 ਤੋਂ 20 ਨਵੰਬਰ ਤੱਕ ਦੂਸਰੇ ਗੇੜ ਵਿੱਚ 18, ਤੀਸਰੇ ਗੇੜ ਵਿੱਚ 22 ਤੋਂ 27 ਨਵੰਬਰ ਤੱਕ 16 ਅਤੇ 29 ਨਵੰਬਰ ਤੋਂ 4 ਦਸੰਬਰ ਤੱਕ ਚੌਥੇ ਗੇੜ ਵਿੱਚ 20 ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਜਾਵੇਗੀ।’’ -ਪੀਟੀਆਈ