ਦਿੱਲੀ-ਐੱਨਸੀਆਰ ਤੇ ਹੋਰ ਥਾਈਂ ਟਮਾਟਰ 80 ਰੁਪਏ ਕਿਲੋ ਵਿਕਣੇ ਸ਼ੁਰੂੁ
ਨਵੀਂ ਦਿੱਲੀ, 16 ਜੁਲਾਈ
ਕੇਂਦਰ ਸਰਕਾਰ ਨੇ ਦਿੱਲੀ-ਐੱਨਸੀਆਰ ਅਤੇ ਕੁਝ ਹੋਰ ਇਲਾਕਿਆਂ ਵਿੱਚ ਟਮਾਟਰ 80 ਰੁਪਏ ਪ੍ਰਤੀ ਕਿੱਲੋ ਵੇਚਣ ਦਾ ਐਲਾਨ ਕੀਤਾ ਹੈ। ਪਹਿਲਾਂ ਸਰਕਾਰ ਵੱਲੋਂ ਇਸ ਦੀ ਵਿਕਰੀ 90 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਕੀਤੀ ਜਾ ਰਹੀ ਸੀ। ਇਸ ਦੌਰਾਨ ਦਿੱਲੀ-ਐੱਨਸੀਆਰ ਸਣੇ ਹੋਰ ਕਈ ਥਾਵਾਂ ’ਤੇ ਅੱਜ ਟਮਾਟਰ 80 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਮਿਲਣੇ ਸ਼ੁਰੂ ਹੋ ਗਏ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਮੋਬਾਈਲ ਵੈਨ ਜ਼ਰੀਏ ਰਿਆਇਤੀ 90 ਰੁਪਏ ਪ੍ਰਤੀ ਕਿੱਲੋ ਦੀ ਦਰ ’ਤੇ ਟਮਾਟਰ ਵੇਚਣੇ ਸ਼ੁਰੂ ਕੀਤੇ ਸਨ। ਸ਼ਨਿਚਰਵਾਰ ਨੂੰ ਕੁਝ ਹੋਰ ਸ਼ਹਿਰਾਂ ਵਿੱਚ ਰਿਆਇਤੀ ਦਰਾਂ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਗਈ ਸੀ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ, ‘‘ਸਰਕਾਰ ਦੀ ਦਖਲਅੰਦਾਜ਼ੀ ਮਗਰੋਂ ਟਮਾਟਰ ਦੀਆਂ ਥੋਕ ਕੀਮਤਾਂ ਘਟੀਆਂ ਹਨ। ਸਰਕਾਰ ਨੇ ਦੇਸ਼ ਵਿੱਚ ਕਈ ਥਾਵਾਂ ’ਤੇ 90 ਰੁਪਏ ਪ੍ਰਤੀ ਕਿਲੋ ਦੇ ਰਿਆਇਤੀ ਭਾਅ ’ਤੇ ਟਮਾਟਰਾਂ ਦੀ ਵਿਕਰੀ ਸ਼ੁਰੂ ਕੀਤੀ ਸੀ।’’ ਬਿਆਨ ਵਿੱਚ ਦੱਸਿਆ ਗਿਆ ਕਿ ਦੇਸ਼ ਵਿੱਚ 500 ਤੋਂ ਵੱਧ ਥਾਵਾਂ ਤੋਂ ਮਿਲੀਆਂ ਸੂਚਨਾਵਾਂ ਦੇ ਆਧਾਰ ਸਰਕਾਰ ਨੇ ਸਥਿਤੀ ਦਾ ਮੁਲਾਂਕਣ ਕੀਤਾ ਹੈ। ਹੁਣ ਸਰਕਾਰ ਨੇ ਅੱਜ ਐਤਵਾਰ 16 ਜੁਲਾਈ ਤੋਂ ਟਮਾਟਰ 80 ਰੁਪਏ ਪ੍ਰਤੀ ਕਿਲੋ ਦੀ ਦਰ ’ਤੇ ਵੇਚਣ ਦਾ ਫ਼ੈਸਲਾ ਕੀਤਾ ਹੈ। ਬਿਆਨ ਮੁਤਾਬਕ ਸਹਿਕਾਰੀ ਸਮਿਤੀਆਂ ਨੈਫੈੱਡ ਅਤੇ ਐੱਨਸੀਸੀਐੱਫ ਰਾਹੀਂ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਣਸੀ, ਪਟਨਾ, ਮੁਜ਼ੱਫਰਪੁਰ ਅਤੇ ਆਰਾ ਵਿੱਚ ਕਈ ਥਾਈਂ ਅੱਜ ਟਮਾਟਰਾਂ ਦੀ 80 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਦੇ ਵਿਕਰੀ ਸ਼ੁਰੂ ਹੋ ਗਈ ਹੈ। ਕਈ ਸ਼ਹਿਰਾਂ ਵਿੱਚ ਤਾਂ ਟਮਾਟਰ 250 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। -ਪੀਟੀਆਈ
ਸਰਕਾਰ ਨੇ ਭੰਡਾਰ ਕਰਨ ਲਈ 3 ਲੱਖ ਟਨ ਪਿਆਜ਼ ਖਰੀਦਿਆ
ਨਵੀਂ ਦਿੱਲੀ: ਸਰਕਾਰ ਨੇ ਚਾਲੂ ਵਿੱਤੀ ਸਾਲ ਵਿੱਚ ਬਫਰ ਸਟਾਕ (ਭੰਡਾਰ) ਲਈ 3 ਲੱਖ ਟਨ ਪਿਆਜ਼ ਖਰੀਦਿਆ ਹੈ। ਖਪਤਕਾਰ ਮਾਮਲਿਆਂ ਬਾਰੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਅੱਜ ਦੱਸਿਆ ਕਿ ਸਰਕਾਰ ਪਿਆਜ਼ ਨੂੰ ਵੱਧ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਹੋਮੀ ਭਾਭਾ ਪ੍ਰਮਾਣੂ ਖੋਜ ਕੇਂਦਰ (ਬੀਏਆਰਸੀ) ਨਾਲ ਵੀ ਤਕਨੀਕ ’ਤੇ ਕੰਮ ਰਹੀ ਹੈ। ਵਿੱਤੀ ਸਾਲ 2022-23 ਦੌਰਾਨ ਸਰਕਾਰ ਨੇ ਬਫਰ ਸਟਾਕ ਲਈ 2.51 ਲੱਖ ਟਨ ਪਿਆਜ਼ ਖ਼ਰੀਦਿਆ ਸੀ। ਇਹ ਸਟਾਕ ਘੱਟ ਸਪਲਾਈ ਵਾਲੇ ਮੌਸਮ ਵਿੱਚ ਕੀਮਤਾਂ ਕੰਟਰੋਲ ’ਚ ਰੱਖਣ ਲਈ ਮੁੱਲ ਸਥਿਰਤਾ ਫੰਡ (ਪੀਐੱਸਐੱਫ) ਤਹਿਤ ਰੱਖਿਆ ਜਾਂਦਾ ਹੈ। ਸਿੰਘ ਨੇ ਕਿਹਾ, ‘‘ਤਿਉਹਾਰੀ ਸੀਜ਼ਨ ’ਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਇਸ ਸਾਲ ਬਫਰ ਸਟਾਕ ਵਿੱਚ ਭਾਰੀ ਵਾਧਾ ਕਰਦਿਆਂ ਤਿੰਨ ਲੱਖ ਟਨ ਪਿਆਜ਼ ਖਰੀਦਿਆ ਹੈੈ। ਪਿਆਜ਼ ਦੀ ਕੋਈ ਕਮੀ ਨਹੀਂ ਹੈ।’’ -ਪੀਟੀਆਈ