ਦਿੱਲੀ ਨਗਰ ਨਿਗਮ ਵੱਲੋਂ ਪਾਰਕਿੰਗ ਚਾਰਜ ਦੁੱਗਣੇ ਕਰਨ ਦੀ ਯੋਜਨਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਨਵੰਬਰ
ਇੱਥੇ ਅੱਜ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹੀ। ਅੱਜ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 355 ਪੜ੍ਹਿਆ ਗਿਆ। ਇਹ ਸੋਮਵਾਰ ਨੂੰ 349 ਮਾਪਿਆ ਗਿਆ ਸੀ ਪਰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਬਣਿਆ ਰਿਹਾ। ਇਸ ਦੌਰਾਨ ਦਿੱਲੀ ਨਗਰ ਨਿਗਮ (ਐੱਮਸੀਡੀ) ਲੋਕਾਂ ਨੂੰ ਨਿੱਜੀ ਵਾਹਨਾਂ ਦੀ ਵਰਤੋਂ ਦੇ ਰੁਝਾਨ ਨੂੰ ਠੱਲ੍ਹਣ ਲਈ ਕਾਰ ਪਾਰਕਿੰਗ ਖਰਚੇ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸਫਰ-ਇੰਡੀਆ ਅਨੁਸਾਰ ਕੁਝ ਸਟੇਸ਼ਨਾਂ ਨੇ 400 ਤੋਂ ਵੱਧ ਏਕਿਊਆਈ ਦਰਜ ਕੀਤਾ, ਜਿਸ ਵਿੱਚ ਵਜ਼ੀਰਪੁਰ 424, ਜਹਾਂਗੀਰਪੁਰੀ 418, ਆਨੰਦ ਵਿਹਾਰ 404, ਮੁੰਡਕਾ 406, ਅਤੇ ਰੋਹਿਣੀ 415 ਸ਼ਾਮਲ ਸਨ। ਜਿਨ੍ਹਾਂ ਸਟੇਸ਼ਨਾਂ ਉਪਰ ਅੰਕੜੇ 400 ਨੂੰ ਪਾਰ ਨਹੀਂ ਸਨ ਕੀਤੇ , ਉੱਥੇ ਵੀ ਜ਼ਿਆਦਾਤਰ ਸਟੇਸ਼ਨਾਂ ਨੇ ਮੱਧ ਤੋਂ ਉੱਪਰਲੇ 300 ਦੇ ਵਿਚਕਾਰ ਏਕਿਊਆਈ ਰਿਕਾਰਡ ਕੀਤਾ। ਅਸ਼ੋਕ ਵਿਹਾਰ ਵਿੱਚ ਏਕਿਊਆਈ 391 ਦਰਜ ਕੀਤਾ ਗਿਆ, ਜਦੋਂਕਿ ਬੁਰਾੜੀ ਕਰਾਸਿੰਗ 374, ਮਥੁਰਾ ਰੋਡ 347, ਦਵਾਰਕਾ ਸੈਕਟਰ-8 366, ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ 344, ਆਈਟੀਓ 347, ਜਵਾਹਰ ਲਾਲ ਨਹਿਰੂ ਸਟੇਡੀਅਮ 322, ਲੋਧੀ ਰੋਡ 313, ਐੱਨਐੱਸਆਈਟੀ 372, ਉੱਤਰੀ ਕੈਂਪਸ ਡੀਯੂ 371, ਓਖਲਾ ਫੇਜ਼-2 354, ਪੜਪੜਗੰਜ 371, ਆਰਕੇ ਪੁਰਮ 366, ਸਿਰੀ ਫੋਰਟ 342, ਅਤੇ ਵਿਵੇਕ ਵਿਹਾਰ 385 ਸ਼ਾਮਲ ਹਨ।
ਇਸ ਦੌਰਾਨ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਨਿੱਜੀ ਵਾਹਨਾਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਹਨਾਂ ਦੇ ਨਿਕਾਸ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪਾਰਕਿੰਗ ਖਰਚੇ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਹੇ ਹਨ। ਦਿੱਲੀ ਦੇ ਅਗਲੇ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਦੇ ਮੱਦੇਨਜ਼ਰ 14 ਨਵੰਬਰ ਨੂੰ ਹੋਣ ਵਾਲੀ ਐੱਮਸੀਡੀ ਹਾਊਸ ਦੀ ਮੀਟਿੰਗ ਵਿੱਚ ਇਸ ਬਾਰੇ ਪ੍ਰਸਤਾਵ ਰੱਖਿਆ ਜਾਵੇਗਾ। ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੇਪ)-II ਦੇ ਤਹਿਤ ਪਾਰਕਿੰਗ ਖਰਚੇ ਵਧਾਉਣ ਦਾ ਵਿਚਾਰ ਪਿਛਲੇ ਕੁਝ ਸਮੇਂ ਤੋਂ ਏਜੰਡੇ ’ਤੇ ਸੀ ਪਰ ਵਾਰ-ਵਾਰ ਮੁੜ ਵਿਚਾਰ ਲਈ ਸਦਨ ਨੂੰ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਿਛਲੇ 10 ਮਹੀਨਿਆਂ ਵਿੱਚ ਦਿੱਲੀ-ਐੱਨਸੀਆਰ ਖੇਤਰ ਤੋਂ ਪ੍ਰਦੂਸ਼ਣ ਨਾਲ ਸਬੰਧਤ 800 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਵਾਤਾਵਰਨ ਪ੍ਰੇਮੀ ਅਮਿਤ ਗੁਪਤਾ ਵੱਲੋਂ ਦਾਇਰ ਆਰਟੀਆਈ ਦੇ ਜਵਾਬ ਵਿੱਚ, ਸੀਪੀਸੀਬੀ ਨੇ ਕਿਹਾ ਕਿ ਉਸ ਨੂੰ 29 ਅਕਤੂਬਰ ਤੱਕ ਦਿੱਲੀ ਤੋਂ 665, ਨੋਇਡਾ ਤੋਂ 143 ਅਤੇ ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ 28 ਸ਼ਿਕਾਇਤਾਂ ਮਿਲੀਆਂ ਹਨ।