ਕਬੂਤਰਾਂ ਨੂੰ ਦਾਣਾ ਪਾਉਣ ’ਤੇ ਪਾਬੰਦੀ ਦੇ ਰੌਂਅ ਵਿੱਚ ਦਿੱਲੀ ਨਗਰ ਨਿਗਮ
ਨਵੀਂ ਦਿੱਲੀ, 26 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਸਿਹਤ ਸਬੰਧੀ ਖਤਰਿਆਂ ਦੇ ਮੱਦੇਨਜ਼ਰ ਦਿੱਲੀ ਨਗਰ ਨਿਗਮ (ਐਮਸੀਡੀ) ਕਬੂਤਰਾਂ ਨੂੰ ਦਾਣਾ ਪਾਉਣ ’ਤੇ ਰੋਕ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਜੇਕਰ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਫੁੱਟਪਾਥਾਂ ਅਤੇ ਚੌਰਾਹਿਆਂ ’ਤੇ ਕਬੂਤਰਾਂ ਨੂੰ ਦਾਣਾ ਪਾਉਣਾ ਛੇਤੀ ਹੀ ਬੰਦ ਹੋ ਜਾਵੇਗਾ। ਇਸ ਸਬੰਧੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਯੋਜਨਾ ਅਜੇ ਸ਼ੁਰੂਆਤੀ ਪੜਾਅ ’ਚ ਹੈ ਅਤੇ ਛੇਤੀ ਹੀ ਇਸ ਬਾਰੇ ਸਲਾਹ-ਮਸ਼ਵਰਾ ਜਾਰੀ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵ ਦਾ ਉਦੇਸ਼ ਕਬੂਤਰਾਂ ਦੀ ਬਿੱਠ ਨਾਲ ਸਬੰਧਤ ਸਿਹਤ ਦੇ ਖਤਰਿਆਂ ਨੂੰ ਦੂਰ ਕਰਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕਬੂਤਰ ਦੀ ਬਿੱਠ ਵਿੱਚ ਸਾਲਮੋਨੇਲਾ, ਈ. ਕੋਲੀ ਅਤੇ ਫਲੂ ਵਰਗੇ ਕੀਟਾਣੂ ਹੋ ਸਕਦੇ ਹਨ ਅਤੇ ਇਹ ਕੀਟਾਣੂ ਦਮੇ ਵਰਗੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੇ ਹਨ ਅਤੇ ਗੰਭੀਰ ਐਲਰਜੀ ਦਾ ਕਾਰਨ ਬਣ ਸਕਦੇ ਹਨ। ਸਰ ਗੰਗਾ ਰਾਮ ਹਸਪਤਾਲ ਦੇ ਲਿਵਰ ਟਰਾਂਸਪਲਾਂਟ ਅਤੇ ਹੈਪੇਟੋਬਿਲਰੀ ਸਰਜਰੀ ਵਿਭਾਗ ਦੇ ਡਾਇਰੈਕਟਰ ਡਾ. ਉਸ਼ਾਸਤ ਧੀਰ ਨੇ ਕਿਹਾ, ‘‘ਜਦੋਂ ਕਬੂਤਰ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਦੀ ਬਿੱਠ ਅਤੇ ਖੰਭ ਮਾਰਨ ਨਾਲ ਫੰਗਲ ਕੀਟਾਣੂਆਂ ਦਾ ਖ਼ਤਰਾ ਵਧ ਜਾਂਦਾ ਹੈ। ਐਮਸੀਡੀ ਅਧਿਕਾਰੀਆਂ ਨੇ ਕਿਹਾ ਕਿ ਪ੍ਰਸਤਾਵ ਵਿੱਚ ਕਬੂਤਰਾਂ ਨੂੰ ਦਾਣਾ ਪਾਉਣ ਵਾਲੀਆਂ ਥਾਵਾਂ ਦਾ ਸਰਵੇਖਣ ਕਰਨਾ ਅਤੇ ਇਸ ਨੂੰ ਰੋਕਣ ਲਈ ਹਦਾਇਤਾਂ ਜਾਰੀ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਚਾਂਦਨੀ ਚੌਕ, ਕਸ਼ਮੀਰੀ ਗੇਟ, ਜਾਮਾ ਮਸਜਿਦ ਤੇ ਇੰਡੀਆ ਗੇਟ ਸਣੇ ਕਈ ਖੇਤਰਾਂ ਵਿੱਚ ਦਾਣਾ ਪਾਉਣਾ ਆਮ ਹੈ। -ਪੀਟੀਆਈ