ਦਿੱਲੀ: ਕੇਜਰੀਵਾਲ ਵੱਲੋਂ ਅਧਿਕਾਰੀਆਂ ਦੀ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਰੱਦ
ਨਵੀਂ ਦਿੱਲੀ, 9 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕਰਦਿਆਂ ਉਨ੍ਹਾਂ ਨੂੰ ਫੀਲਡ ਵਿਚ ਜਾਣ ਦੀ ਹਦਾਇਤ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕੈਬਨਿਟ ਮੰਤਰੀ ਤੇ ਮੇਅਰ ਸ਼ੈਲੀ ਓਬਰਾਏ ਸ਼ਹਿਰ ਵਿੱਚ ਮੀਂਹ ਕਰਕੇ ਅਸਰਅੰਦਾਜ਼ ਹੋਣ ਵਾਲੇ ਇਲਾਕਿਆਂ ਦਾ ਮੁਆਇਨਾ ਕਰਨਗੇ। ਮੁੱਖ ਮੰਤਰੀ ਨੇ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਕਿਹਾ, ‘‘ਭਲਕੇ ਦਿੱਲੀ ਵਿੱਚ 126 ਮਿਲੀਮੀਟਰ ਮੀਂਹ ਪਿਆ ਸੀ। ਦਿੱਲੀ ਨੂੰ ਹਰੇਕ ਮੌਨਸੂਨ ਦੌਰਾਨ ਕੁੱਲ ਮੀਂਹ ਦਾ 15 ਫੀਸਦ ਮਿਲਦਾ ਹੈ, ਜੋ ਪਿਛਲੇ 12 ਘੰਟਿਆਂ ਦੌਰਾਨ ਪੈ ਚੁੱਕਾ ਹੈ। ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ।’’ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੱਜ ਸਵੇਰੇ ਅੱਠ ਵਜੇ ਤੱਕ 153 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ ਜੁਲਾਈ 1982 ਮਗਰੋਂ ਇਹ ਇਕ ਦਿਨ ਵਿੱਚ ਪਏ ਮੀਂਹ ਦਾ ਸਿਖਰਲਾ ਅੰਕੜਾ ਹੈ। 25 ਜੂਨ 1982 ਨੂੰ ਦਿੱਲੀ ਵਿੱਚ 169.9 ਮਿਲੀਮੀਟਰ ਮੀਂਹ ਪਿਆ ਸੀ। -ਪੀਟੀਆਈ