ਦਿੱਲੀ ਕੱਟੜਾ ਐਕਸਪ੍ਰੈਸ ਵੇਅ: ਐੱਸਡੀਐੱਮ ਵੱਲੋਂ ਸੋਮਵਾਰ ਤੱਕ ਕਿਸਾਨਾਂ ਦੇ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾਉਣ ਦਾ ਭਰੋਸਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਜੁਲਾਈ
ਐੱਸਡੀਐੱਮ ਸੰਗਰੂਰ ਵੱਲੋਂ ਕਿਸਾਨਾਂ ਨੂੰ ਸੋਮਵਾਰ ਤੱਕ ਮੁਆਵਜ਼ੇ ਦੇ ਪੈਸੇ ਦੇਣ ਦੇ ਭਰੋਸੇ ਉਪਰੰਤ ਇੱਥੋਂ ਨੇੜਲੇ ਪਿੰਡ ਖੇੜੀ ਚੰਦਵਾਂ ਵਿਖੇ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਖਿਲਾਫ਼ ਪੱਕੇ ਧਰਨੇ ’ਤੇ ਬੈਠੇ ਕਿਸਾਨਾਂ ਨੇ 28 ਜੂਨ ਨੂੰ ਸੜਕ ਲਈ ਛੱਡੀਆਂ ਆਪਣੀਆਂ ਜ਼ਮੀਨਾਂ ਨੂੰ ਅੱਜ ਵਾਹੁਣ ਦਾ ਉਲੀਕਿਆ ਐਕਸ਼ਨ ਮੁਲਤਵੀ ਕਰਨ ਦਾ ਫੈਸਲਾ ਕੀਤਾ। ਪਿੰਡ ਸੰਤੋਖਪੁਰਾ ਦੇ ਕਿਸਾਨਾਂ ਦੀ ਜਿਹੜੀ ਜ਼ਮੀਨ ਰੋਡ ਵਿੱਚ ਆਈ ਹੈ, ਉਸ ਦਾ ਅਵਾਰਡ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਕਥਿਤ ਗਲਤ ਨੀਤੀਆਂ ਕਾਰਨ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਦੋਫਾੜ ਹੋਈਆ ਜ਼ਮੀਨਾਂ ਨੂੰ ਪਾਣੀ ਅਤੇ ਰਸਤੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਦੌਰਾਨ ਇਸ ਸਬੰਧੀ ਕਿਸਾਨ ਆਗੂਆਂ ਦੀ ਐੱਸਡੀਐੱਮ ਸੰਗਰੂਰ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੇ ਕਿਸਾਨਾਂ ਨੂੰ ਸੋਮਵਾਰ ਤੱਕ ਮੁਆਵਜ਼ੇ ਦੇ ਪੈਸੇ ਖਾਤਿਆਂ ਵਿਚ ਪੈਣ ਦਾ ਭਰੋਸਾ ਦਿੱਤਾ ਗਿਆ। ਅੱਜ ਧਰਨੇ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਹਰਮਨਪ੍ਰੀਤ ਸਿੰਘ ਦੁੱਲਟ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ, ਕਰਮ ਦਾਸ ਪੰਨਵਾਂ, ਪਰਮਜੀਤ ਸਿੰਘ, ਗੁਰਭਜਨੀਕ ਸਿੰਘ, ਬਲਦੇਵ ਸਿੰਘ, ਜਤਿੰਦਰ ਸਿੰਘ, ਰਸ਼ਪਾਲ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਨੇ ਪ੍ਰਸ਼ਾਸਨ ਵੱਲੋਂ ਭਰੋਸੇ ਉਪਰੰਤ ਆਪਣਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਪੱਕੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਜੇ ਪ੍ਰਸ਼ਾਸਨ ਨੇ ਵਾਆਦਾਖਿਲਾਫੀ ਕੀਤੀ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।