ਦਿੱਲੀ-ਕੱਟੜਾ ਐਕਸਪ੍ਰੈੱਸਵੇਅ: ਧਰਨਾਕਾਰੀਆਂ ਦੇ ਹੱਕ ’ਚ ਆਈ ਰੋਡ ਸੰਘਰਸ਼ ਕਮੇਟੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਅਗਸਤ
ਉਸਾਰੀ ਅਧੀਨ ਦਿੱਲੀ ਕੱਟੜਾ ਐਕਸਪ੍ਰੈੱਸਵੇਅ ਦਾ ਕੰਮ ਰੋਕ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ 26 ਦਿਨਾਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਸੰਘਰਸ਼ਕਾਰੀਆਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਭਾਅ ਵਧਵਾਉਣ ਲਈ ਸੰਘਰਸ਼ ਕਰਦੀ ਰੋਡ ਕਿਸਾਨ ਸੰਘਰਸ਼ ਕਮੇਟੀ ਨੇ ਹਮਾਇਤ ਦਾ ਐਲਾਨ ਕਰਦਿਆਂ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਸੜਕ ਪਿੱਲਰਾਂ ’ਤੇ ਨਹੀਂ ਬਣਦੀ, ਉਦੋਂ ਤੱਕ ਜਥੇਬੰਦੀ ਪੱਕਾ ਮੋਰਚਾ ਲਾਉਣ ਵਾਲਿਆਂ ਦਾ ਸਾਥ ਦੇਵੇਗੀ।
ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਗਲੌਲੀ, ਸੀਨੀਅਰ ਮੀਤ ਪ੍ਰਧਾਨ ਨਿਰੰਕਾਰ ਸਿੰਘ ਨੇ ਕਿਹਾ ਕਿ ਦਿੱਲੀ ਕੱਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਸ਼ੁਰੂ ਹੁੰਦੇ ਸਾਰ ਕਿਸਾਨਾਂ ਨੇ ਸੜਕ ਪਿੱਲਰਾਂ ’ਤੇ ਬਣਾਉਣ ਦੀ ਮੰਗ ਕੀਤੀ ਸੀ ਪਰ ਹਾਈਵੇਅ ਅਥਾਰਟੀ, ਸਿਵਲ ਪ੍ਰਸ਼ਾਸਨ ਅਤੇ ਕੰਪਨੀ ਨੇ ਕਿਸਾਨਾਂ ਦੀ ਮੰਗ ਨੂੰ ਦਰਕਿਨਾਰ ਕਰ ਕੇ ਮਨਮਰਜ਼ੀ ਨਾਲ ਮਿੱਟੀ ਵਾਲੇ ਪੁੱਲਾਂ ਦੀ ਉਸਾਰੀ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਘੱਗਰ ਆਰ-ਪਾਰ ਪੰਜ ਕਿਲੋਮੀਟਰ ਤੱਕ ਪਿੱਲਰਾਂ ਵਾਲੇ ਪੁੱਲ ਦੀ ਮੰਗ ਕਰਦੇ ਸਨ। ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਵੀ ਪਹੁੰਚ ਕੀਤੀ ਗਈ ਪਰ ਸਰਕਾਰ ਨੇ ਉਨ੍ਹਾਂ ਦੀ ਇੱਕ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਦਰਜਨਾਂ ਪਿੰਡਾਂ ਦਾ ਨੁਕਸਾਨ ਕਰਨ ਵਾਲੀ ਐਕਸਪ੍ਰੈੱਸਵੇਅ ਬਾਰੇ ਪੰਜਾਬ ਸਰਕਾਰ ਦੀ ਚੁੱਪ ਕਿਸਾਨਾਂ ਲਈ ਘਾਤਕ ਸਿੱਧ ਹੋ ਰਹੀ ਹੈ।
ਇਸੇ ਦੌਰਾਨ ਸਤਨਾਮ ਸਿੰਘ, ਹਰਪਾਲ ਸਿੰਘ ਤੇ ਸਾਹਿਬ ਸਿੰਘ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਐਕਸਪ੍ਰੈੱਸਵੇਅ ਰਾਹੀਂ ਇਲਾਕੇ ਦੇ ਕਿਸਾਨਾਂ ਨੂੰ ਤਬਾਹ ਕਰਨ ਦੀ ਕੋਈ ਗੁਪਤ ਯੋਜਨਾ ਬਣਾਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮ ਨੇ ਸਰਵੇਖਣ ਕਰਨ ਮਗਰੋਂ ਨਵੀਂ ਡਰਾਇੰਗ ਤਿਆਰ ਕਰਨ ਵਾਅਦਾ ਕੀਤਾ ਹੈ ਪਰ ਉਨ੍ਹਾਂ ਨੂੰ ਕੋਈ ਵਿਸ਼ਵਾਸ ਨਹੀਂ, ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੜਕ ਨੂੰ ਪਿਲਰਾਂ ’ਤੇ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋ ਜਾਂਦਾ।
ਇਸੇ ਦੌਰਾਨ ਸੀਡੀਐਸ ਕੰਪਨੀ ਦੇ ਇੰਜਨੀਅਰ ਨਿਤੇਸ਼ ਕੁਮਾਰ ਕਿਹਾ ਕਿ ਹੜ੍ਹ ਤੋਂ ਬਾਅਦ ਦੇ ਆਲਾਤ ਦੀ ਰਿਪੋਰਟ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੂੰ ਭੇਜਣ ਤੋਂ ਬਾਅਦ ਆਈ ਉੱਚ ਪੱਧਰੀ ਟੀਮ ਨੇ ਸਰਵੇਖਣ ਕਰਨ ਤੇ ਧਰਨਾਕਰੀਆਂ ਦੀ ਬੈਠ ਕੇ ਗੱਲ ਸੁਣੀ ਹੈ। ਉਨ੍ਹਾਂ ਕਿਹਾ ਕਿ ਐੱਨਐੱਚਏਆਈ ਵੱਲੋਂ ਨਵਾਂ ਢਾਂਚੇ ਦੀ ਵਿਉਂਤਬੰਦੀ ਬਣਾ ਕੇ ਭੇਜੀ ਜਾਵੇਗੀ, ਉਸ ਤਹਿਤ ਉਸਾਰੀ ਕੀਤੀ ਜਾਵੇਗੀ।