Murderous attack ਦਿੱਲੀ ਨੇ ਸਾਬਕਾ ਮੁੱਖ ਮੰਤਰੀ ’ਤੇ ‘ਕਾਤਲਾਨਾ ਹਮਲੇ’ ਦੀ ਕੋਸ਼ਿਸ਼ ਵਾਲਾ ਚੋਣ ਪ੍ਰਚਾਰ ਕਦੇ ਨਹੀਂ ਦੇਖਿਆ: ਕੇਜਰੀਵਾਲ
ਨਵੀਂ ਦਿੱਲੀ, 19 ਜਨਵਰੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਆਪਣੀ ਕਾਰ ’ਤੇ ਇੱਟਾਂ ਰੋੜਿਆਂ ਨਾਲ ਕੀਤੇ ਹਮਲੇ ਤੋਂ ਇਕ ਦਿਨ ਮਗਰੋਂ ਅੱਜ ਕਿਹਾ ਕਿ ਉਨ੍ਹਾਂ ਦੀ ਜਾਨ ਦੇਸ਼ ਲਈ ਸਮਰਪਿਤ ਹੈ। ਕੇਜਰੀਵਾਲ ਨੇ ਜ਼ੋਰ ਦੇ ਕੇ ਆਖਿਆ ਕਿ ਦਿੱਲੀ ਨੇ ਅਜਿਹਾ ਚੋਣ ਪ੍ਰਚਾਰ ਪਹਿਲਾਂ ਕਦੇ ਨਹੀਂ ਦੇਖਿਆ, ਜਿੱਥੇ ਇਕ ਸਾਬਕਾ ਮੁੱਖ ਮੰਤਰੀ ਉੱਤੇ ‘ਕਾਤਲਾਨਾ ਹਮਲੇ’ ਦੀ ਕੋਸ਼ਿਸ਼ ਕੀਤੀ ਗਈ ਹੋਵੇ। ‘ਆਪ’ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਉੱਤੇ ਉਨ੍ਹਾਂ ਦੇ ਆਪਣੇ ਨਵੀਂ ਦਿੱਲੀ ਅਸੈਂਬਲੀ ਹਲਕੇ ਵਿਚ ਹੋਏ ਹਮਲੇ ਪਿੱਛੇ ਕਥਿਤ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਦੇ ਗੁੰਡਿਆਂ ਦਾ ਹੱਥ ਸੀ।
ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਦਿੱਲੀ ਦੇ ਲੋਕਾਂ ਨੇ ਅਜਿਹਾ ਚੋਣ ਪ੍ਰਚਾਰ ਤੇ ਹਿੰਸਾ ਨਹੀਂ ਦੇਖੀ, ਜਿੱਥੇ ਸਾਬਕਾ ਮੁੱਖ ਮੰਤਰੀ ’ਤੇ ਕਾਤਲਾਨਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਹ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਢੰਗ ਤਰੀਕਾ ਹੈ ਕਿਉਂਕਿ ਉਹ ਬੁਰੀ ਤਰ੍ਹਾਂ ਚੋਣ ਹਾਰ ਰਹੇ ਹਨ।’’ ਉਹ ਵਰਮਾ ਦੇ ਇਸ ਦਾਅਵੇ ਨੂੰ ਲੈ ਕੇ ਹੱਸੇ ਕਿ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ 20,000 ਵੋਟਾਂ ਨਾਲ ਹਾਰ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਇਨ੍ਹਾਂ ਨੂੰ ਕੁਝ ਦਿਨ ਸੁਪਨਿਆਂ ਵਿਚ ਜਿਊਣ ਦੇਈਏ।’’
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਲਈ ਹਾਊਸਿੰਗ ਸਕੀਮ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਤਜਵੀਜ਼ ਦਿੱਤੀ ਸੀ ਕਿ ਜੇ ਕੇਂਦਰ ਸਰਕਾਰ ਜ਼ਮੀਨ ਮੁਹੱਈਆ ਕਰਵਾਉਂਦੀ ਹੈ ਤਾਂ ਦਿੱਲੀ ਸਰਕਾਰ ਉਸ ਉੱਤੇ ਮਕਾਨ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਫਾਈ ਕਰਮੀਆਂ ਲਈ ਲਾਭਪਾਤਰੀ ਵਜੋਂ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਹੋਰ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਸੌਖੀਆਂ ਸ਼ਰਤਾਂ ’ਤੇ ਘਰ ਮੁਹੱਈਆ ਕਰਵਾਏ ਜਾ ਸਕਦੇ ਹਨ। -ਪੀਟੀਆਈ