For the best experience, open
https://m.punjabitribuneonline.com
on your mobile browser.
Advertisement

ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਤਿਆਰ: ਆਤਿਸ਼ੀ

08:23 AM Jul 06, 2024 IST
ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਤਿਆਰ  ਆਤਿਸ਼ੀ
ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੈਬਨਿਟ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੁਲਾਈ
ਦਿੱਲੀ ਸਰਕਾਰ ਨੇ ਇੱਕ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਹੈ, ਜੋ ਹਥਨੀਕੁੰਡ ਬੈਰਾਜ ਤੋਂ ਪਾਣੀ ਦੇ ਪੱਧਰ ਦੀ ਨਿਗਰਾਨੀ ਕਰੇਗਾ। ਦਿੱਲੀ ਦੇ ਹਥਨੀਕੁੰਡ ਬੈਰਾਜ ਵਿੱਚ ਯਮੁਨਾ ਦਾ ਪਾਣੀ ਛੱਡਿਆ ਜਾਂਦਾ ਹੈ। ਦਿੱਲੀ ਸਰਕਾਰ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਕੌਮੀ ਰਾਜਧਾਨੀ ਖੇਤਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਦੀ ਨਿਗਰਾਨੀ, ਸਿਫ਼ਾਰਸ਼ਾਂ ਤੇ ਤਾਲਮੇਲ ਬਾਰੇ ਸਿਖਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹ ਕੰਟਰੋਲ ਰੂਮ ਨੂੰ ਦਿੱਲੀ ਨਗਰ ਨਿਗਮ, ਦਿੱਲੀ ਵਿਕਾਸ ਅਥਾਰਿਟੀ ਅਤੇ ਨਵੀਂ ਦਿੱਲੀ ਮਿਉਂਸਿਪਲ ਕੌਂਸਲ (ਐੱਨਡੀਐੱਮਸੀ) ਸਣੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਸੰਭਾਲਣਗੇ। ਆਤਿਸ਼ੀ ਨੇ ਕਿਹਾ ਕਿ ਪਿਛਲੇ ਸਾਲ ਯਮੁਨਾ 70 ਸਾਲਾਂ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। ਦਿੱਲੀ ਸਰਕਾਰ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਕੰਟਰੋਲ ਰੂਮ ਹਥਨੀਕੁੰਡ ਬੈਰਾਜ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ, ਜਿੱਥੋਂ ਯਮੁਨਾ ਨਦੀ ਦਾ ਇੱਕ ਲੱਖ ਕਿਊਸਿਕ ਪਾਣੀ ਛੱਡਿਆ ਜਾਂਦਾ ਹੈ। ਆਤਿਸ਼ੀ ਨੇ ਅੱਜ ਕਿਹਾ ਕਿ ਜੇਕਰ ਸਥਿਤੀ ਪੈਦਾ ਹੁੰਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਹੜ੍ਹ ਨਾਲ ਨਜਿੱਠਣ ਲਈ ਤਿਆਰ ਹੈ। ਯਮੁਨਾ ਦਾ ਪੱਧਰ ਵਧਣ ਦੀ ਸਥਿਤੀ ਵਿੱਚ ਸਾਰੇ ਹੜ੍ਹ ਕੰਟਰੋਲ ਅਤੇ ਰਾਹਤ ਉਪਾਅ ਕੀਤੇ ਗਏ ਹਨ।
ਆਤਿਸ਼ੀ ਨੇ ਕਿਹਾ, ‘‘ਅਸੀਂ ਹੜ੍ਹਾਂ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਸਾਰੇ ਸਬੰਧਤ ਵਿਭਾਗਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਿੱਲੀ ਵਿੱਚ ਹੜ੍ਹਾਂ ਦੀ ਸਥਿਤੀ ਨਾ ਬਣੇ ਪਰ ਜੇਕਰ ਯਮੁਨਾ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਦਿੱਲੀ ਸਰਕਾਰ ਇਸ ਨਾਲ ਨਜਿੱਠਣ ਲਈ ਤਿਆਰ ਹੈ।’’
ਸ੍ਰੀ ਭਾਰਦਵਾਜ ਨੇ ਕਿਹਾ ਕਿ ਕੰਟਰੋਲ ਰੂਮ ਰੀਅਲ ਟਾਈਮ ਵਿੱਚ ਡੇਟਾ ਦੀ ਨਿਗਰਾਨੀ ਕਰੇਗਾ ਅਤੇ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੋਵੇਗਾ। ਪਿਛਲੇ ਹਫ਼ਤੇ ਭਾਰੀ ਮੀਂਹ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਸਨ। ਕਈ ਇਲਾਕਿਆਂ ਵਿੱਚ ਭਾਰੀ ਪਾਣੀ ਖੜਨ ਨਾਲ ਕਈ ਵਾਹਨ ਸੜਕਾਂ ’ਤੇ ਤੈਰਦੇ ਦੇਖੇ ਗਏ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਯਾਤਰੀ ਕਈ ਘੰਟੇ ਰਾਹ ਵਿੱਚ ਹੀ ਫਸੇ ਰਹੇ। ਜ਼ਿਕਰਯੋਗ ਹੈ ਕਿ 9 ਜੁਲਾਈ 2023 ਨੂੰ ਦਿੱਲੀ ਵਿੱਚ 40 ਸਾਲਾਂ ਵਿੱਚ ਸਭ ਤੋਂ ਵੱਧ 24ਘੰਟੇ (153 ਸੈਂਟੀਮੀਟਰ) ਮੀਂਹ ਪਿਆ ਸੀ। ਹਜ਼ਾਰਾਂ ਲੋਕ ਬੇਘਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਸਰਕਾਰੀ ਪਨਾਹਗਾਹਾਂ ਵਿੱਚ ਜਾਣਾ ਪਿਆ।

Advertisement

‘ਆਪ’ ਦੇ ਹੜ੍ਹ ਰੋਕੂ ਦਾਅਵੇ ਖੋਖਲੇ: ਸਚਦੇਵਾ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਦੇ ਹੜ੍ਹ ਰੋਕੂ ਪ੍ਰਬੰਧਾਂ ਦੇ ਦਾਅਵੇ ਹਾਸੋਹੀਣੇ ਅਤੇ ਖੋਖਲੇ ਜਾਪਦੇ ਹਨ। ਉਨ੍ਹਾਂ ਕਿਹਾ ਕਿ ਆਤਿਸ਼ੀ ਦਿੱਲੀ ਜਲ ਬੋਰਡ ਦੀ ਮੁਖੀ ਵੀ ਹਨ, ਜਿਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਦਿੱਲੀ ਵਾਸੀਆਂ ਨੂੰ ਗਰਮੀਆਂ ਦੌਰਾਨ ਪੂਰਾ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਜੂਨ ਮਹੀਨੇ ਤੱਕ ਉਨ੍ਹਾਂ ਦੇ ਦਾਅਵਿਆਂ ਦੀ ਫੂਕ ਨਿਕਲੀ ਰਹੀ| ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਡਰੇਨਾਂ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਅਤੇ ਬਰਸਾਤਾਂ ਦੌਰਾਨ ਦਿੱਲੀ ਦੇ ਸੀਵਰੇਜ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਦਾ ਦਾਅਵਾ ਕੀਤਾ, ਜੋ 28 ਜੂਨ ਦੀ ਪਹਿਲੀ ਬਰਸਾਤ ਵਿੱਚ ਹੀ ਫੁੱਸ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਸ੍ਰੀਮਤੀ ਆਤਿਸ਼ੀ ਦੇ ਹੜ੍ਹ ਦੇ ਦਾਅਵਿਆਂ ਨੂੰ ਸੁਣ ਕੇ ਹੈਰਾਨ ਹਨ।

Advertisement

Advertisement
Author Image

sanam grng

View all posts

Advertisement