ਦਿੱਲੀ ਸਰਕਾਰ ਨੇ ਮੌਨਸੂਨ ਦੇ ਮੱਦੇਨਜ਼ਰ ਤਿਆਰੀਆਂ ਵਿੱਢੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਦਿੱਲੀ ਵਿੱਚ ਮੌਨਸੂਨ ਆਉਣ ਲਈ ਥੋੜੇ ਦਿਨ ਹੀ ਬਾਕੀ ਹਨ, ਜਿਸ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਮੀਂਹ ਦਾ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਦੀਆਂ ਤਿਆਰੀਆਂ ਹੁਣ ਤੋਂ ਹੀ ਵਿੱਢ ਦਿੱਤੀਆਂ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ 308 ਉਹ ਨਾਜ਼ੁਕ ਥਾਵਾਂ ਦੀ ਪਹਿਛਾਣ ਕੀਤੀ ਗਈ ਹੈ, ਜਿੱਥੇ ਮੌਨਸੂਨ ਦਾ ਪਾਣੀ ਭਰਨ ਦਾ ਡਰ ਰਹਿੰਦਾ ਹੈ ਜਾਂ ਪਾਣੀ ਭਰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 101 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੇ ਮੀਂਹ ਦਾ ਪਾਣੀ ਭਰਨ ਦੇ ਖਦਸ਼ੇ ਹਨ। ਇਹ ਨਿਸ਼ਾਨਦੇਹੀ ਬੀਤੇ ਸਾਲਾਂ ਦੌਰਾਨ ਭਰੇ ਮੀਂਹ ਦੇ ਪਾਣੀ ਦੇ ਆਧਾਰ ’ਤੇ ਕੀਤੀ ਗਈ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਹੜ ਕੰਟਰੋਲ ਮਹਿਕਮੇ ਨਾਲ ਮਿਲ ਕੇ ਇਨ੍ਹਾਂ ਸਥਾਨਾਂ ਦਾ ਪਤਾ ਕੀਤਾ ਗਿਆ। ਬੀਤੇ ਸਾਲ ਇਨ੍ਹਾਂ ਸਥਾਨਾਂ ਦੀ ਗਿਣਤੀ 260 ਸੀ। ਦਿੱਲੀ ਵਿੱਚ ਸੜਕਾਂ ਵੱਖ-ਵੱਖ ਮਹਿਕਮਿਆਂ ਦੇ ਅਧੀਨ ਹਨ। ਕੁਝ ਸੜਕਾਂ ਲੋਕ ਨਿਰਮਾਣ ਵਿਭਾਗ ਦੇ ਅਧੀਨ ਹਨ, ਕੁਝ ਦਿੱਲੀ ਨਗਰ ਨਿਗਮ ਅਧੀਨ ਅਤੇ ਕੁਝ ਨਵੀਂ ਦਿੱਲੀ ਨਗਰ ਪਰਿਸ਼ਦ ਦੇ ਅਧੀਨ ਆਉਂਦੀਆਂ ਹਨ। ਗਰਮੀਆਂ ਵਿੱਚ ਮੀਂਹ ਤੋਂ ਬਾਅਦ ਆਮ ਹੀ ਦਿੱਲੀ ਦੀਆਂ ਸੜਕਾਂ ਪਾਣੀ ਨਾਲ ਗੋਢੇ-ਗੋਢੇ ਭਰ ਜਾਂਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ 101 ਸਥਾਨਾਂ ਵਿੱਚ 29 ਥਾਵਾਂ ਐੱਨਡੀਐੱਮਸੀ ਦੀਆਂ, 17 ਨੈਸ਼ਨਲ ਕੌਮੀ ਅਥਾਰਿਟੀ ਆਫ ਇੰਡੀਆ, 16 ਡੀਡੀਏ ਤੇ ਬਾਕੀ ਦੀਆਂ ਦਿੱਲੀ ਛਾਉਣੀ ਦਿੱਲੀ ਨਗਰ ਨਿਗਮ ਅਤੇ ਆਈਟੀਪੀਓ ਸਮੇਤ ਹੋਰ ਏਜੰਸੀਆਂ ਦੇ ਅਧੀਨ ਆਉਂਦੀਆਂ ਹਨ। ਅਧਿਕਾਰੀਆਂ ਮੁਤਾਬਕ ਨਾਜ਼ੁਕ ਬਿੰਦੂ ਉਹ ਹਨ, ਜਿੱਥੇ ਮੌਨਸੂਨ ਦੌਰਾਨ ਲਗਾਤਾਰ ਪੰਜ ਦਿਨ ਪਾਣੀ ਖੜ੍ਹਿਆ ਰਹਿੰਦਾ ਹੈ। ਪਿਛਲੇ ਸਾਲ ਜੁਲਾਈ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਨਵੀਆਂ ਥਾਵਾਂ ਦੀ ਪਛਾਣ ਕੀਤੀ ਗਈ। ਦਿੱਲੀ ਵਿੱਚ ਬੋਟ ਕਲੱਬ ਨੇੜੇ ਕਰਤੱਵਿਆ ਮਾਰਗ, ਕੋਟੱਲਿਆ ਮਾਰਗ, ਕੋਮਲ ਅਤਾਤੁਕ ਮਾਰਗ, ਪੰਜ ਸ਼ੀਲ ਮਾਰਗ, ਮਾਰਟਿਨ ਮਾਰਗ, ਰਫੀ ਮਾਰਗ ਸੁਨਹਿਰੀ ਮਸਜਿਦ ਕੋਲ, ਤਾਲਕਟੋਰਾ ਸੜਕ, ਤੀਨ ਮੂਰਤੀ ਰੋਡ, ਸ਼ਾਂਤੀ ਮਾਰਗ ਅਤੇ ਸਰੋਜਨੀ ਨਗਰ ਬਾਜ਼ਾਰ ਦੇ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਜ਼ਿਆਦਾ ਘਟਨਾਵਾਂ ਪਿਛਲੇ ਸਾਲ ਵਾਪਰੀਆਂ ਸਨ।