ਦਿੱਲੀ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਕਮੇਟੀਆਂ ਬਣਾਈਆਂ
ਨਵੀਂ ਦਿੱਲੀ, 18 ਅਕਤੂਬਰ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਹਿਰ ਦੀਆਂ ‘ਬਹੁਤ ਖਰਾਬ’ ਹਵਾ ਗੁਣਵੱਤਾ ਵਾਲੀਆਂ 13 ਥਾਵਾਂ ’ਤੇ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਦੀ ਪਛਾਣ ਕਰਨ ਅਤੇ ਘੱਟ ਕਰਨ ਲਈ ਤਾਲਮੇਲ ਕਮੇਟੀ ਕਾਇਮ ਕੀਤੀਆਂ ਹਨ।
ਸ੍ਰੀ ਰਾਏ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪੂਰੀ ਦਿੱਲੀ ਬਹੁਤ ਮਾੜੀ ਹਵਾ ਵਿੱਚ ਸਾਹ ਲੈ ਰਹੀ ਹੈ ਪਰ 13 ਹੌਟਸਪੌਟਸ ਅਜਿਹੇ ਹਨ ਜਿੱਥੇ ਸਥਿਤੀ ‘ਬਹੁਤ ਖਰਾਬ’ ਹੈ ਅਤੇ ਉਥੇ ਹਵਾ ਗੁਣਵੱਤਾ ਸੂਚਕ ਅੰਕ 300 ਨੂੰ ਪਾਰ ਕਰ ਗਿਆ ਹੈ। ਇਨ੍ਹਾਂ 13 ਥਾਵਾਂ ਦੀ ਪਛਾਣ ਨਰੇਲਾ, ਬਵਾਨਾ, ਮੁੰਡਕਾ, ਵਜ਼ੀਰਪੁਰ, ਰੋਹਿਣੀ, ਆਰ ਕੇ ਪੁਰਮ, ਓਖਲਾ, ਜਹਾਂਗੀਰਪੁਰੀ, ਆਨੰਦ ਵਿਹਾਰ, ਪੰਜਾਬੀ ਬਾਗ, ਮਾਇਆਪੁਰੀ ਅਤੇ ਦਵਾਰਕਾ ਸੈਕਟਰ-8 ਵਜੋਂ ਕੀਤੀ ਗਈ ਹੈ। ਰਾਏ ਨੇ ਕਿਹਾ ਕਿ ਕਮੇਟੀਆਂ ਦੀ ਅਗਵਾਈ ਦਿੱਲੀ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਕਰਨਗੇ। ਉਨ੍ਹਾਂ ਕਿਹਾ ਕਿ ਡੀਪੀਸੀਸੀ ਇੰਜਨੀਅਰ ਵੀ ਸਾਰੇ ਹੌਟਸਪੌਟਸ ’ਤੇ ਨਿਯੁਕਤ ਕੀਤੇ ਗਏ ਹਨ ਅਤੇ ਉਹ ਰੋਜ਼ਾਨਾ ਰਿਪੋਰਟਾਂ ‘ਪ੍ਰਦੂਸ਼ਣ ਵਾਰ ਰੂਮ’ ਨੂੰ ਸੌਂਪਣਗੇ। 300 ਤੋਂ ਵੱਧ ਏਕਿਊਆਈ ਲਈ 13 ਹੌਟਸਪੌਟਸ ’ਤੇ ਧੂੜ ਨੂੰ ਇੱਕ ਪ੍ਰਮੁੱਖ ਕਾਰਕ ਵਜੋਂ ਪਛਾਣਿਆ ਗਿਆ ਹੈ। ਉਨ੍ਹਾਂ ਕਿਹਾ, ਇਹਨਾਂ ਖੇਤਰਾਂ ਵਿੱਚ ਹਵਾ ਦੀ ਧੂੜ ਨੂੰ ਹੇਠਾਂ ਲਿਆਉਣ ਲਈ 80 ਮੋਬਾਈਲ ਐਂਟੀ-ਸਮੌਗ ਗੰਨ ਤਾਇਨਾਤ ਕੀਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਖਰਾਬ ਜ਼ੋਨ ’ਚ ਰਹਿਣ ਕਾਰਨ ਸ਼ਹਿਰ ਪ੍ਰਦੂਸ਼ਣ ਦੀ ਲਪੇਟ ’ਚ ਰਿਹਾ ਹੈ। ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ 292 ’ਤੇ ਰਿਹਾ। ਜ਼ੀਰੋ ਅਤੇ 50 ਦੇ ਵਿਚਕਾਰ ਇੱਕ ਏਕਿਊਆਈ ਨੂੰ ਚੰਗਾ, 51 ਅਤੇ 100 ਸੰਤੋਸ਼ਜਨਕ, 101 ਅਤੇ 200 ਦਰਮਿਆਨਾ, 201 ਅਤੇ 300 ਮਾੜਾ, 301 ਅਤੇ 400 ਬਹੁਤ ਮਾੜਾ, ਤੇ 401 ਅਤੇ 500 ਗੰਭੀਰ ਮੰਨਿਆ ਜਾਂਦਾ ਹੈ। ਘੱਟੋ-ਘੱਟ ਤਾਪਮਾਨ 19.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.1 ਡਿਗਰੀ ਵੱਧ ਹੈ। -ਪੀਟੀਆਈ