ਦਿੱਲੀ ਸਰਕਾਰ ਵੱਲੋਂ ਉਸਾਰੀ ਕਾਮਿਆਂ ਲਈ ਰਜਿਸਟ੍ਰੇਸ਼ਨ ਦਾ ਫ਼ੈਸਲਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਗਸਤ
ਦਿੱਲੀ ਸਰਕਾਰ ਨੇ ਉਸਾਰੀ ਕਾਮਿਆਂ ਨੂੰ ਰਜਿਸਟਰ ਕਰਨ ਲਈ 15 ਦਨਿਾਂ ਦੀ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਦਿੱਲੀ ਬਿਲਡਿੰਗ ਤੇ ਹੋਰ ਉਸਾਰੀ ਮਜ਼ਦੂਰ ਬੋਰਡ ਦੇ ਅਧੀਨ ਰਜਿਸਟ੍ਰੇਸ਼ਨ ਤੋਂ ਵਾਂਝੇ ਸਨ। ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਕਿ ਨਿਰਮਾਣ ਕਾਰਜਕਰਤਾ ‘ਉਸਾਰੀ ਕਿਰਤੀ ਰਜਿਸਟ੍ਰੇਸ਼ਨ ਮੁਹਿੰਮ’ ਦੌਰਾਨ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਜੋ 24 ਅਗਸਤ ਤੋਂ 11 ਸਤੰਬਰ ਤੱਕ ਹੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਘਰ ਬੈਠੇ ਬਿਨੈ-ਪੱਤਰ ਆਨਲਾਈਨ ਵੀ ਜਮ੍ਹਾ ਕਰ ਸਕਦੇ ਹਨ। ਸਾਰੇ 70 ਵਿਧਾਨ ਸਭਾ ਹਲਕਿਆਂ ’ਚ ਕੈਂਪ ਲਗਾਏ ਗਏ ਹਨ। ਮੁਹਿੰਮ ਨੂੰ ਤੇਜ਼ ਕਰਨ ਲਈ ਸਾਰੇ 70 ਵਿਧਾਇਕਾਂ, ਸਬੰਧਤ ਯੂਨੀਅਨਾਂ ਤੇ ਏਜੰਸੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਉਹ ਵੀ ਆਪਣੇ ਖੇਤਰ ਦੇ ਨਿਰਮਾਣ ਮਜ਼ਦੂਰਾਂ ਨੂੰ ਸਬੰਧਤ ਕੈਂਪਾਂ ’ਚ ਲਿਜਾ ਸਕਣ ਅਤੇ ਰਜਿਸਟਰ ਕਰਵਾ ਸਕਣ। ਸਿਰਫ ਉਹ ਵਿਅਕਤੀ ਰਜਿਸਟਰ ਹੋ ਸਕਦੇ ਹਨ, ਜੋ 18-60 ਸਾਲ ਦੇ ਵਿਚਕਾਰ ਹਨ। ਇਸ ਸਮੇਂ ਦੌਰਾਨ ਉਨ੍ਹਾਂ ਕੋਲ 90 ਦਨਿਾਂ ਦਾ ਵਰਕਿੰਗ ਸਰਟੀਫਿਕੇਟ, ਫੋਟੋ, ਸਥਾਨਕ ਆਈਡੀ ਪਰੂਫ, ਬੈਂਕ ਖਾਤਾ ਨੰਬਰ ਤੇ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਰਜਿਸਟਰਡ ਮਜ਼ਦੂਰ ਬੋਰਡ ਅਧੀਨ ਚਲਾਈਆਂ ਜਾਂਦੀਆਂ 18 ਕਿਸਮਾਂ ਦੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ।
ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਦਿੱਲੀ ਦੇ ਅੰਦਰ ਉਸਾਰੀ ਖੇਤਰ ’ਚ ਕੰਮ ਕਰ ਰਹੇ ਮਜ਼ਦੂਰਾਂ ਲਈ ਕਰੋਨਾ ਦੌਰਾਨ ਆਨ ਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਪ੍ਰਕਿਰਿਆ ਤਹਿਤ ਰਜਿਸਟਰੀ ਕਰਵਾਉਣ ਲਈ ਹੁਣ ਤੱਕ 70 ਹਜ਼ਾਰ ਉਸਾਰੀ ਕਾਮੇ ਆਪਣੀ ਦਰਖਾਸਤ ਦੇ ਚੁੱਕੇ ਹਨ।
ਕਿਰਤ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸਾਰੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਖਾਤੇ ’ਚ ਸਿੱਧੇ ਦਿੱਲੀ ਸਰਕਾਰ ਨੇ 5-5 ਹਜ਼ਾਰ ਦੀ ਰਾਸ਼ੀ ਦਿੱਤੀ ਸੀ। ਆਮ ਹਾਲਤਾਂ ’ਚ ਵੀ ਉਸਾਰੀ ਨਾਲ ਸਬੰਧਤ ਕਾਮੇ ਦਿੱਲੀ ਬਿਲਡਿੰਗ ਤੇ ਹੋਰ ਉਸਾਰੀ ਮਜ਼ਦੂਰ ਬੋਰਡ ਦੁਆਰਾ ਸਹਾਇਤਾ ਪ੍ਰਾਪਤ ਕਰਦੇ ਹਨ। ਮਜ਼ਦੂਰ ਦੇ ਬੇਟਾ-ਬੇਟੀ ਦਾ ਵਿਆਹ ਹੈ ਤਾਂ ਉਨ੍ਹਾਂ ਨੂੰ 35 ਹਜ਼ਾਰ ਰੁਪਏ ਤੇ ਲੜਕੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਬੱਚਿਆਂ ਦੀ ਪੜ੍ਹਾਈ ਲਈ 500 ਰੁਪਏ ਤੇ ਜੇ ਕੋਈ ਪੇਸ਼ੇਵਰ ਕੋਰਸ ਪੜ੍ਹ ਰਿਹਾ ਹੈ ਤਾਂ ਉਸ ਨੂੰ ਪ੍ਰਤੀ ਮਹੀਨਾ 10000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਸਿਹਤ ਤੇ ਜਣੇਪਾ ਲਾਭ ਲਈ 30 ਹਜ਼ਾਰ ਰੁਪਏ ਤੇ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ। ਕੁਦਰਤੀ ਮੌਤ ਮਰਦਾ ਹੈ ਤਾਂ ਇਕ ਲੱਖ ਰੁਪਏ, ਸਸਕਾਰ ਲਈ 10 ਹਜ਼ਾਰ ਰੁਪਏ ਤੇ ਜੇਕਰ ਕੋਈ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ ਇਕ ਲੱਖ ਰੁਪਏ ਦਿੱਤੇ ਜਾਂਦੇ ਹਨ। ਦਿੱਲੀ ਪੀਡਬਲਯੂਡੀ, ਸਿੰਚਾਈ ਹੜ੍ਹ ਵਿਭਾਗ, ਡੀਐਸਆਈਡੀਸੀ, ਐਮਸੀਡੀ, ਕੇਂਦਰੀ ਪੀਡਬਲਯੂਡੀ ਸਮੇਤ ਸਾਰੀਆਂ ਏਜੰਸੀਆਂ ਦੇ ਇੰਜੀਨੀਅਰਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਅਧੀਨ ਹਲਕੇ ਦੇ ਵੱਖ-ਵੱਖ ਥਾਵਾਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੀ ਦੱਸਿਆ ਗਿਆ ਹੈ।