ਦਿੱਲੀ ਗੈਸ ਚੈਂਬਰ ਬਣਿਆ: ਪੂਨਾਵਾਲਾ
ਨਵੀਂ ਦਿੱਲੀ:
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਵੱਲੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਦਿੱਤੇ ਗਏ ਬਿਆਨ ਮਗਰੋਂ ਭਾਜਪਾ ਦੇ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਅੱਜ ਕਿਹਾ ਕਿ ਸ਼ਹਿਰ ਜ਼ਹਿਰੀਲੀ ਹਵਾ ਨਾਲ ਗੈਸ ਚੈਂਬਰ ਬਣ ਗਿਆ ਹੈ। ਪੂਨਾਵਾਲਾ ਨੇ ਕਿਹਾ, ‘ਸੂਚਨਾ ਮਿਲੀ ਹੈ ਕਿ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਹਵਾ ਪ੍ਰਦੂਸ਼ਣ ਵਿੱਚ ਵਾਧੇ ਦੇ ਮੱਦੇਨਜ਼ਰ ਆਪਣੀ ਸਵੇਰ ਦੀ ਸੈਰ ਬੰਦ ਕਰ ਦਿੱਤੀ ਹੈ। ਦਿੱਲੀ ਇੱਕ ਗੈਸ ਚੈਂਬਰ ਬਣ ਗਈ ਹੈ ਅਤੇ ਹਰ ਪਾਸੇ ਜ਼ਹਿਰੀਲੀ ਹਵਾ ਹੈ। ਤੁਸੀਂ ਬਿਨਾਂ ਮਾਸਕ ਦੇ ਬਾਹਰ ਘੁੰਮ ਨਹੀਂ ਸਕਦੇ।’ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ, ‘ਪਹਿਲਾਂ ਉਹ ਪੰਜਾਬ ’ਤੇ ਦੋਸ਼ ਲਾਉਂਦੇ ਸਨ। ਹੁਣ ਉਹ ਪਟਾਕਿਆਂ ਅਤੇ ਯੂਪੀ ਤੇ ਹਰਿਆਣਾ ਵਰਗੇ ਸੂਬਿਆਂ ’ਤੇ ਦੋਸ਼ ਲਾ ਰਹੇ ਹਨ। ਹੋ ਸਕਦਾ ਹੈ ਕਿ ਉਹ ਇਸ ਸਭ ਲਈ ਇਜ਼ਰਾਈਲ ਅਤੇ ਲਿਬਨਾਨ ਨੂੰ ਵੀ ਜ਼ਿੰਮੇਵਾਰ ਠਹਿਰਾ ਦੇਣ। ਪ੍ਰਦੂਸ਼ਣ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਉਹ ਕਦੇ ਗੱਲ ਨਹੀਂ ਕਰਨਗੇ। ਉਹ ਪ੍ਰਦੂਸ਼ਣ ਦੀ ਕਦੇ ਜ਼ਿੰਮੇਵਾਰੀ ਨਹੀਂ ਲੈਣਗੇ। ਸਮੌਗ ਟਾਵਰ ਵੀ ਬੰਦ ਹਨ, ਜਿਸ ਕਰਕੇ ਲੋਕ ਕਾਫੀ ਪ੍ਰੇਸ਼ਾਨ ਹਨ।’ -ਏਐੱਨਆਈ