For the best experience, open
https://m.punjabitribuneonline.com
on your mobile browser.
Advertisement

‘ਦਿੱਲੀ ਕੂਚ’ ਦੋ ਦਿਨ ਲਈ ਮੁਲਤਵੀ

07:05 AM Feb 22, 2024 IST
‘ਦਿੱਲੀ ਕੂਚ’ ਦੋ ਦਿਨ ਲਈ ਮੁਲਤਵੀ
ਸ਼ੰਭੂ ਬਾਰਡਰ ’ਤੇ ਬੁੱਧਵਾਰ ਨੂੰ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਮਗਰੋਂ ਕਿਸਾਨਾਂ ’ਚ ਮਚੀ ਹਫੜਾ-ਦਫੜੀ। -ਫੋਟੋ: ਵਿੱਕੀ ਘਾਰੂ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 21 ਫਰਵਰੀ
ਹਰਿਆਣਾ ਪੁਲੀਸ ਵੱਲੋਂ ਅੱਜ ‘ਦਿੱਲੀ ਕੂਚ’ ਦੇ ਪ੍ਰੋਗਰਾਮ ਦੌਰਾਨ ਖਨੌਰੀ ਬਾਰਡਰ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੇ ਜਾਣ ਨਾਲ ਕਿਸਾਨ ਸ਼ੁਭਕਰਨ ਸਿੰਘ (21) ਦੀ ਮੌਤ ਹੋ ਗਈ ਜਦੋਂ ਕਿ ਢਾਈ ਦਰਜਨ ਕਿਸਾਨ ਜ਼ਖ਼ਮੀ ਹੋ ਗਏ। ‘ਦਿੱਲੀ ਕੂਚ’ ਦੇ ਸੱਦੇ ਦੌਰਾਨ ਕਿਸਾਨ ਦੀ ਮੌਤ ਦੀ ਖ਼ਬਰ ਨਾਲ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਮਾਹੌਲ ਤਣਾਅਪੂਰਨ ਤੇ ਟਕਰਾਅ ਵਾਲਾ ਹੋ ਗਿਆ ਪਰ ਕਿਸਾਨ ਆਗੂਆਂ ਨੇ ਸੰਜਮ ਨਾਲ ਕੰਮ ਲਿਆ। ਉਂਜ ਜਦੋਂ ਇਹ ਘਟਨਾ ਵਾਪਰੀ ਸ਼ੰਭੂ ਬਾਰਡਰ ’ਤੇ ਕਿਸਾਨ ਆਗੂ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਅਗਲੇ ਗੇੜ ਦੀ ਗੱਲਬਾਤ ਬਾਰੇ ਰਜ਼ਾਮੰਦੀ ਬਣਾਉਣ ਬਾਰੇ ਮੀਟਿੰਗ ਕਰ ਰਹੇ ਸਨ। ਹਰਿਆਣਾ ਪੁਲੀਸ ਨਾਲ ਟਕਰਾਅ ਮਗਰੋਂ ਕਿਸਾਨ ਫੋਰਮਾਂ ਨੇ ਅੱਜ ਸ਼ਾਮ ਵਕਤ ‘ਦਿੱਲੀ ਕੂਚ’ ਦੇ ਪ੍ਰੋਗਰਾਮ ਨੂੰ ਦੋ ਦਿਨਾ ਲਈ ਵਿਰਾਮ ਦੇ ਦਿੱਤਾ ਹੈ। ਕਿਸਾਨ ਆਗੂ ਹੁਣ 23 ਫਰਵਰੀ ਦੀ ਸ਼ਾਮ ਨੂੰ ਅੰਦੋਲਨ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਰਨਗੇ। ਉਧਰ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਮਾਹੌਲ ’ਚ ਤਲਖੀ ਦੌਰਾਨ ਕਿਸਾਨਾਂ ਨੂੰ ਅੱਜ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐੱਮਐੱਸਪੀ ਦੇ ਮੁੱਦੇ, ਫਸਲੀ ਵਿਭਿੰਨਤਾ, ਪਰਾਲੀ ਪ੍ਰਬੰਧਨ ਅਤੇ ਐੱਫ.ਆਈ.ਆਰਜ਼ ਦੇ ਮੁੱਦੇ ’ਤੇ ਗੱਲਬਾਤ ਲਈ ਤਿਆਰ ਹੈ ਤੇ ਕਿਸਾਨ ਸ਼ਾਂਤੀ ਬਣਾਈ ਰੱਖਣ। ਕੇਂਦਰੀ ਮੰਤਰੀ ਵੱਲੋਂ ਅੱਜ ਸਵੇਰੇ ਇਕ ਟਵੀਟ ਰਾਹੀਂ ਦਿੱਤੇ ਸੱਦੇ ਦੌਰਾਨ ਹੀ ਖਨੌਰੀ ਬਾਰਡਰ ’ਤੇ ਕਿਸਾਨ ਦੀ ਮੌਤ ਦੀ ਖ਼ਬਰ ਨਾਲ ਅਗਲੇ ਗੇੜ ਦੀ ਗੱਲਬਾਤ ਨੂੰ ਫਿਲਹਾਲ ਬਰੇਕ ਲੱਗ ਗਈ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਅੱਜ 11 ਵਜੇ ‘ਦਿੱਲੀ ਕੂਚ’ ਕਰਨ ਦਾ ਪ੍ਰੋਗਰਾਮ ਸੀ। ਕਿਸਾਨ ਆਗੂਆਂ ਤੇ ਕੇਂਦਰੀ ਵਜ਼ੀਰਾਂ ਵਿਚਾਲੇ ਪਹਿਲਾਂ ਹੀ ਚਾਰ ਗੇੜ ਦੀ ਗੱਲਬਾਤ ਹੋ ਚੁੱਕੀ ਹੈ।
ਬਠਿੰਡਾ ਨਾਲ ਸਬੰਧਤ ਨੌਜਵਾਨ ਕਿਸਾਨ ਦੀ ਮੌਤ ਦੀ ਘਟਨਾ ਤੋਂ ਪਹਿਲਾਂ ਸਮੁੱਚਾ ਮਾਹੌਲ ਜ਼ਾਬਤੇ ਵਿਚ ਸੀ। ਕਿਸਾਨ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਜੇਸੀਬੀ/ਪੋਕਲੇਨ ਦੀ ਵਰਤੋਂ ਕਰਨ ਤੋਂ ਵਰਜ ਦਿੱਤਾ ਸੀ। ਕਿਸਾਨ ਫੋਰਮਾਂ ਦੀ ਟਾਸਕ ਫੋਰਸ ਨੇ ਵੀ ਅਨੁਸ਼ਾਸਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਨਿਭਾਈ। ਪਤਾ ਲੱਗਾ ਹੈ ਕਿ ਨੌਜਵਾਨਾਂ ਦੇ ਇੱਕ ਗਰੁੱਪ ਨੇ ਕਿਸਾਨ ਆਗੂਆਂ ਨੂੰ ਅੱਗੇ ਵਧਣ ਲਈ ਵੀ ਵੰਗਾਰਿਆ। ਇਸ ਤੋਂ ਪਹਿਲਾਂ ਖਨੌਰੀ ਘਟਨਾ ਮਗਰੋਂ ਅਧਿਕਾਰੀਆਂ ਨਾਲ ਚੱਲ ਰਹੀ ਗੱਲਬਾਤ ਅੱਧ ਵਿਚਾਲੇ ਹੀ ਖਤਮ ਹੋ ਗਈ। ਘਟਨਾ ਮਗਰੋਂ ਸ਼ੰਭੂ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਲੀਡਰਸ਼ਿਪ ਨੇ ਹਰਿਆਣਾ ਵਾਲੇ ਪਾਸੇ ਵਧਣਾ ਸ਼ੁਰੂ ਕੀਤਾ। ਹਰਿਆਣਾ ਫੋਰਸ ਨਾਲ ਇਨ੍ਹਾਂ ਆਗੂਆਂ ਨੇ ਗੱਲਬਾਤ ਕੀਤੀ ਅਤੇ ਵਾਪਸ ਆ ਗਏ। ਖਨੌਰੀ ਘਟਨਾ ਨੂੰ ਲੈ ਕੇ ਨੌਜਵਾਨਾਂ ਵਿਚ ਰੋਹ ਹੈ। ਅੱਜ ਪੂਰਾ ਦਿਨ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਖਨੌਰੀ ਬਾਰਡਰ ’ਤੇ ਕਰੀਬ 12.30 ਵਜੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨਾਂ ਨੇ ਹਰਿਆਣਾ ਵੱਲ ਵਧਣਾ ਸ਼ੁਰੂ ਕੀਤਾ।

Advertisement

ਸ਼ੰਭੂ ਬਾਰਡਰ ’ਤੇ ਅੱਥਰੂ ਗੈਸ ਦਾ ਗੋਲਾ ਦਾਗ਼ੇ ਜਾਣ ਮਗਰੋਂ ਫੈਲਿਆ ਅੱਗ ਦਾ ਭਾਂਬੜ। -ਫੋਟੋ: ਪੀਟੀਆਈ

ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਪਹਿਲਾਂ ਹਰਿਆਣਾ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਮਗਰੋਂ ਅੱਥਰੂ ਗੈਸ ਅਤੇ ਰਬੜ ਦੇ ਗੋਲੇ ਦਾਗੇ ਗਏ। ਹਮਲਾ ਏਨਾ ਭਿਆਨਕ ਸੀ ਕਿ ਇੱਕ ਨੌਜਵਾਨ ਗੋਲੀ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਨੀਮ ਫੌਜੀ ਬਲਾਂ ਅਤੇ ਹਰਿਆਣਾ ਪੁਲੀਸ ਨੇ ਪੰਜਾਬ ਦੀ ਹਦੂਦ ਵਿਚ ਦਾਖਲ ਹੋ ਕੇ ਕਿਸਾਨ ਮੋਰਚੇ ਵਿਚਲੇ ਟਰੈਕਟਰਾਂ ਅਤੇ ਹੋਰ ਸਾਮਾਨ ਦੀ ਭੰਨ ਤੋੜ ਵੀ ਕੀਤੀ ਅਤੇ ਤਿੰਨ ਜ਼ਖ਼ਮੀ ਨੌਜਵਾਨਾਂ ਨੂੰ ਹਰਿਆਣਾ ਪੁਲੀਸ ਚੁੱਕ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਜੀਂਦ ਅਤੇ ਰੋਹਤਕ ਦੇ ਹਸਪਤਾਲਾਂ ਵਿਚ ਦਾਖਲ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ਕਿਸਾਨ ਲਾਪਤਾ ਹਨ ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਹੈ। ਹਰਿਆਣਾ ਪੁਲੀਸ ਦੇ ਇਸ ਹੱਲੇ ਮਗਰੋਂ ਨੌਜਵਾਨਾਂ ਵਿਚ ਰੋਸ ਫੈਲ ਗਿਆ। ਕਰੀਬ ਚਾਰ ਵਜੇ ਤੱਕ ਹਫੜਾ-ਦਫੜੀ ਮੱਚੀ ਰਹੀ। ਅਖੀਰ ਚਾਰ ਵਜੇ ਕਿਸਾਨ ਆਗੂਆਂ ਨੇ ਸਟੇਜ ਸ਼ੁਰੂ ਕੀਤੀ ਅਤੇ ਜਾਪ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸ਼ੰਭੂ ਬਾਰਡਰ ’ਤੇ ਵੀ ਸ਼ਾਮ ਵੇਲੇ ਮਾਹੌਲ ਵਿਚ ਨਰਮੀ ਆਈ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੋਵੇਂ ਬਾਰਡਰਾਂ ’ਤੇ ਹਰਿਆਣਾ ਪੁਲੀਸ ਨੇ ਹੰਗਾਮਾ ਕਰਨ ਵਿਚ ਪਹਿਲ ਕੀਤੀ। ਉਧਰ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਨੇ ਟਕਰਾਅ ਦੌਰਾਨ ਆਪਣੇ ਦਰਜਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਨੇ ਵੀ ਕਿਸੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਸੜਕ ਸੁਰੱਖਿਆ ਫੋਰਸ ਅਤੇ ਮਦਦ ਵਾਸਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਅਤੇ ਹਸਪਤਾਲਾਂ ਨੂੰ ਅਲਰਟ ’ਤੇ ਰੱਖਿਆ।

ਮੁੱਖ ਸਕੱਤਰ ਵੱਲੋਂ ਕੇਂਦਰ ਸਰਕਾਰ ਨੂੰ ਜੁਆਬੀ ਪੱਤਰ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਦੇ ਜਵਾਬ ਵਿਚ ਅੱਜ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਬਣੇ ਹਾਲਾਤ ਨੂੰ ਸੁਚੱਜੇ ਢੰਗ ਨਾਲ ਨਜਿੱਠਿਆ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਪੰਜਾਬ ਸਰਕਾਰ ਦੀ ਬਦੌਲਤ ਕਿਸਾਨ ਅੰਤਰਰਾਜੀ ਬਾਰਡਰ ’ਤੇ ਇਕੱਠੇ ਹੋਏ ਹਨ। ਹਰਿਆਣਾ ਸਰਕਾਰ ਵੱਲੋਂ ਰੋਕੇ ਜਾਣ ਕਾਰਨ ਅਜਿਹਾ ਮਾਹੌਲ ਬਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਕਿਸਾਨਾਂ ਦਾ ਅੰਦੋਲਨ ਕਾਫ਼ੀ ਹੱਦ ਤੱਕ ਸ਼ਾਂਤਮਈ ਰਿਹਾ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਲਟਾ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ, ਤਾਕਤ ਅਤੇ ਡਰੋਨਾਂ ਸਮੇਤ ਦੰਗਿਆਂ ’ਤੇ ਕਾਬੂ ਪਾਉਣ ਵਾਲੇ ਹੋਰ ਉਪਾਵਾਂ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੇ ਜਾਣ ਕਾਰਨ ਲਗਪਗ 160 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।

ਕਿਸਾਨਾਂ ਦੀ ਸਹਿਮਤੀ ਨਾਲ ਹੋਵੇਗਾ ਸ਼ੁਭਕਰਨ ਦਾ ਪੋਸਟਮਾਰਟਮ

ਪਟਿਆਲਾ (ਸਰਬਜੀਤ ਸਿੰਘ ਭੰਗੂ): ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਰਬੜ ਦੀਆਂ ਗੋਲੀਆਂ ਚਲਾਉਣ ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਕਰਕੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ (23 ਸਾਲ) ਪੁੱਤਰ ਚਰਨਜੀਤ ਸਿੰਘ ਦਾ ਪੋਸਟਮਾਰਟਮ ਕਿਸਾਨਾਂ ਦੀ ਸਹਿਮਤੀ ਮਗਰੋਂ ਹੋਵੇਗਾ। ਉਸ ਨੇ ਅੱਜ ਇਥੇ ਰਾਜਿੰਦਰਾ ਹਸਪਤਾਲ ਵਿਚ ਦਮ ਤੋੜਿਆ। ਉਸ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦਾ ਵਸਨੀਕ ਸੀ। ਉਹ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨਾਲ ਸਬੰਧਤ ਸੀ ਤੇ ਪਿਛਲੇ ਕਈ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਧਰਨੇ ਵਿਚ ਸਰਗਰਮ ਸੀ। ਕਿਸਾਨ ਦੀ ਮੌਤ ਉਪਰੰਤ ਰਮਿੰਦਰ ਸਿੰਘ ਤੇ ਗੁਰਮੀਤ ਦਿੱਤੂਪੁਰ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ’ਚ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਿਸਾਨ ਆਗੂਆਂ ਦੀ ਸਹਿਮਤੀ ਮਗਰੋਂ ਹੀ ਕੀਤਾ ਜਾਵੇਗਾ। ਮੁੱਢਲੇ ਤੌਰ ’ਤੇ ਉਸ ਦੀ ਮੌਤ ਦਾ ਕਾਰਨ ਹਰਿਆਣਾ ਪੁਲੀਸ ਵੱਲੋਂ ਦਾਗੀ ਗਈ ਰਬੜ ਦੀ ਗੋਲੀ ਹੀ ਸਮਝੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ।

ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕੇਸ ਦਰਜ ਕਰਾਂਗੇ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਨਾਲ ਟਕਰਾਅ ਦੌਰਾਨ ਨੌਜਵਾਨ ਕਿਸਾਨ ਦੀ ਮੌਤ ’ਤੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੋਸਟ ਮਾਰਟਮ ਉਪਰੰਤ ਨੌਜਵਾਨ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਪੁਲੀਸ ਕੇਸ ਦਰਜ ਕਰਾਂਗੇ। ਉਨ੍ਹਾਂ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਮਦਦ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜ਼ਖ਼ਮੀਆਂ ਦੀ ਮਦਦ ਲਈ ਪੰਜਾਬ ਸਰਕਾਰ ਤਰਫੋਂ ਕੈਬਨਿਟ ਵਜ਼ੀਰ ਡਾ.ਬਲਵੀਰ ਸਿੰਘ ਨੂੰ ਪਟਿਆਲਾ, ਡਾ.ਬਲਜੀਤ ਕੌਰ ਨੂੰ ਪਾਤੜਾਂ/ਖਨੌਰੀ ਅਤੇ ਵਿਧਾਇਕ ਡਾ.ਚਰਨਜੀਤ ਸਿੰਘ ਨੂੰ ਰਾਜਪੁਰਾ ਹਸਪਤਾਲ ਵਿਚ ਤਾਇਨਾਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ। ਉਨ੍ਹਾਂ ਪੰਜਾਬੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇ।

ਖਨੌਰੀ ਬਾਰਡਰ ਦਾ ਲਵਾਂਗੇ ਜਾਇਜ਼ਾ: ਪੰਧੇਰ

ਕਿਸਾਨ ਫੋਰਮਾਂ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ ’ਤੇ ਹਰਿਆਣਾ ਪੁਲੀਸ ਨੇ ਖਨੌਰੀ ਬਾਰਡਰ ’ਤੇ ਅਣਮਨੁੱਖੀ ਵਿਵਹਾਰ ਕੀਤਾ ਅਤੇ ਬਜ਼ੁਰਗਾਂ ਨੂੰ ਕੁੱਟਿਆ। 25 ਟਰੈਕਟਰ ਭੰਨੇ ਅਤੇ ਟਾਇਰ ਪੈਂਚਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਨਾਲ ਟਕਰਾਅ ਦੌਰਾਨ ਬਠਿੰਡਾ ਦੇ ਕਿਸਾਨ ਦੀ ਮੌਤ ਮਗਰੋਂ ਉਹ ਖਨੌਰੀ ਬਾਰਡਰ ’ਤੇ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਹੱਦ ਵਿਚ ਦਾਖਲ ਹੋ ਕੇ ਹਰਿਆਣਾ ਦੇ ਨੀਮ ਫੌਜੀ ਬਲਾਂ ਵੱਲੋਂ ਕੀਤੀ ਹੁੱਲੜਬਾਜ਼ੀ ਦੀ ਜਾਂਚ ਕਰੇ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ ਦੌਰਾਨ ਅਗਲੇਰੀ ਰਣਨੀਤੀ ਘੜੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਭੇਜੇ ਸ਼ਰਾਰਤੀ ਅਨਸਰਾਂ ਨੇ ਅੱਜ ਮੀਡੀਆ ਨਾਲ ਜੋ ਬਦਤਮੀਜ਼ੀ ਕੀਤੀ, ਉਸ ਦਾ ਅਫਸੋਸ ਹੈ।

Advertisement
Author Image

sukhwinder singh

View all posts

Advertisement
Advertisement
×