ਦਿੱਲੀ ਕੂਚ ਅੱਜ ਲਈ ਮੁਲਤਵੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਦਸੰਬਰ
ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਭਲਕੇ 10 ਦਸੰਬਰ ਇਕ ਹੋਰ ਦਿਨ ਲਈ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ‘ਮਰਜੀਵੜਿਆਂ ਦਾ ਜਥਾ’ ਭਲਕੇ ਦਿੱਲੀ ਵੱਲ ਕੂਚ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਸੱਦੇ ਦੀ ਉਡੀਕ ਮਗਰੋਂ ਭਲਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਸ਼ੰਭੁੂ ਬਾਰਡਰ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਕਰਕੇ ਦਸ ਕਿਸਾਨ ਜ਼ਖ਼ਮੀ ਹੋ ਗਏ ਸਨ, ਜਿਸ ਮਗਰੋਂ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਉਸੇ ਦਿਨ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਿਆਣਾ ਫੇਰੀ ਦਾ ਵਾਸਤਾ ਪਾਉਣ ਮਗਰੋਂ ਕਿਸਾਨ ਆਗੂ ਇਕ ਹੋਰ ਦਿਨ (ਸੋਮਵਾਰ) ਲਈ ਦਿੱਲੀ ਕੂਚ ਦਾ ਪ੍ਰੋਗਰਾਮ ਟਾਲਣ ਲਈ ਰਾਜ਼ੀ ਹੋ ਗਏ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਗੱਲਬਾਤ ਤੋਂ ਭੱਜ ਰਹੇ ਹਨ। ਇਸ ਕਰਕੇ ਉਹ ਸਰਕਾਰ ਨੂੰ ਗੱਲਬਾਤ ਲਈ ਸਮਾਂ ਸੀਮਾ ਤੈਅ ਕਰਨ ਦਾ ਪੂਰਾ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਐਤਵਾਰ ਦੀ ਬੈਠਕ ਵਿਚ ਕੀਤੇ ਵਾਅਦੇ ਤਹਿਤ ਅਗਲੀ ਮੀਟਿੰਗ ਲਈ ਕੋਈ ਸੁਨੇਹਾ ਨਾ ਭੇਜਿਆ ਤਾਂ ਉਹ 10 ਦਸੰਬਰ ਨੂੰ ਆਪਣਾ ਅਗਲਾ ਪ੍ਰੋਗਰਾਮ ਉਲੀਕਣਗੇ। ਪੰਧੇਰ ਨੇ ਕਿਹਾ ਕਿ ਹਾਲ ਦੀ ਘੜੀ 10 ਦਸੰਬਰ ਨੂੰ ਵੀ ਕਿਸਾਨ ਜਥਾ ਭੇਜਣ ਦਾ ਪ੍ਰੋਗਰਾਮ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਰੂਪ ਵਿੱਚ ਦੋ ਹੀ ਮੰਗਾਂ ਹਨ। ਪਹਿਲੀ ਇਹ ਕਿ ਉਨ੍ਹਾਂ ਦੀਆਂ ਪ੍ਰ੍ਰਵਾਨ ਕੀਤੀਆਂ ਮੰਗਾਂ ਲਾਗੂ ਕੀਤੀਆਂ ਜਾਣ ਜਾਂ ਫੇਰ ਉਨ੍ਹਾਂ ਨੂੰ ਆਪਣੇ ਰੋਸ ਪ੍ਰਗਟਾਉਣ ਲਈ ਦਿੱਲੀ ਜਾਣ ਦਿੱਤਾ ਜਾਵੇ। ਪੰਧੇਰ ਨੇ ਕਿਹਾ ਕਿ ਉਹ ਸਰਕਾਰ ਦੀ ਸਲਾਹ ਮੰਨਦੇ ਹੋਏ ਟਰੈਕਟਰ ਟਰਾਲੀਆਂ ਦੀ ਥਾਂ ਪੈਦਲ ਹੀ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਜਥੇ ਸ਼ੰਭੂ ਤੋਂ ਦਿੱਲੀ ਤੱਕ ਰਸਤੇ ’ਚ ਕਿਤੇ ਵੀ ਆਵਾਜਾਈ ’ਚ ਕੋਈ ਵਿਘਨ ਨਹੀਂ ਪਾਉਣਗੇ ਤੇ ਨਾ ਹੀ ਦਿੱਲੀ ’ਚ ਧਰਨੇ ਦੌਰਾਨ ਹੀ ਟਰੈਫ਼ਿਕ ਦੀ ਕੋਈ ਸਮੱਸਿਆ ਪੈਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਉਹ ਜੰਤਰ ਮੰਤਰ ਜਾਂ ਰਾਮ ਲੀਲ੍ਹਾ ਗਰਾਊਂਡ ’ਚ ਪ੍ਰਦਰਸ਼ਨ ਦੀ ਆਗਿਆ ਮੰਗ ਰਹੇ ਹਨ। ਇਸ ਸਬੰਧੀ ਦਿੱਲੀ ਸਰਕਾਰ ਨੂੰ ਈਮੇਲ ਰਾਹੀਂ ਪਹਿਲਾਂ ਹੀ ਬੇਨਤੀ ਪੱਤਰ ਭੇਜਿਆ ਹੋਇਆ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਜੇ ਦਿੱਲੀ ’ਚ ਧਰਨੇ ਦੀ ਪ੍ਰ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤਾਂ ਸ਼ੰਭੂ ਵਾਲ਼ਾ ਧਰਨਾ ਵੀ ਉਥੇ ਹੀ ਤਬਦੀਲ ਕੀਤਾ ਜਾ ਸਕਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦਿੱਲੀ ਜਾਣ ਦੀ ਆਗਿਆ ਨਹੀਂ ਮਿਲਦੀ ਉਦੋਂ ਤੱਕ ਨਿਹੱਥੇ ਕਿਸਾਨਾਂ ਦੇ ਜਥੇ ਕੂਚ ਕਰਦੇ ਰਹਿਣਗੇ ਜਦੋਂ ਤੱਕ ਹਰਿਆਣਾ ਪੁਲੀਸ ਉਨ੍ਹਾਂ ਨੂੰ ਕੁੱਟ ਕੁੱਟ ਕੇ ਥੱਕ ਨਹੀਂ ਜਾਂਦੀ। ਪੰਧੇਰ ਨੇ ਤਨਜ ਕਸਦਿਆਂ ਆਖਿਆ ਕਿ ਕੇਂਦਰ ਸਰਕਾਰ ਖੁਦ ਹੀ ਦੁਚਿੱਤੀ ਵਿਚ ਹੈ ਕਿਉਂਕਿ ਇਕ ਮੰਤਰੀ ਆਖਦਾ ਹੈ ਕਿ ਕਿਸਾਨ ਜਾ ਸਕਦੇ ਹਨ ਤੇ ਦੂਜਾ ਮੰਤਰੀ ਆਖਦਾ ਹੈ ਕਿ ਨਹੀਂ ਜਾਣ ਦਿੱਤਾ ਜਾਵੇਗਾ। ਇੱਕ ਪਾਸੇ ਪੈਦਲ ਜਾਂਦੇ ਕਿਸਾਨਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ, ਦੂਜੇ ਪਾਸੇ ਸਾਬਕਾ ਮੁੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦਾ ਤਾਜ਼ਾ ਬਿਆਨ ਹੈ ਕਿ ਕਿਸਾਨ ਪੈਦਲ ਕਿਉਂ ਜਾਣਾ ਚਾਹੁੰਦੇ ਹਨ ਅਨੇਕਾਂ ਵਾਹਨ ਵੀ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਤਾਲਮੇਲ ਜ਼ਰੂਰ ਰੱਖਣ ਕਿਉਂਕਿ ਉਨ੍ਹਾਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ। ਇਸ ਮੌਕੇ ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਗੁਰੂਅਮਨੀਤ ਮਾਂਗਟ, ਮਨਜੀਤ ਨਿਆਲ਼, ਗੁਰਵਿੰਦਰ ਭੰਗੂ, ਤੇਜਵੀਰ ਪੰਜੋਖਰਾ, ਜਸਵੀਰ ਸਿੱਧੂ, ਸਵਿੰਦਰ ਚੁਤਾਲਾ, ਜੰਗ ਸਿੰਘ ਭਟੇੜੀ ਅਤੇ ਗੁਰਧਿਆਨ ਸਿਓਣਾ ਆਦਿ ਕਿਸਾਨ ਆਗੂ ਮੌਜੂਦ ਸਨ।
ਪ੍ਰਧਾਨ ਮੰਤਰੀ ਦੀ ਪਾਣੀਪਤ ਫੇਰੀ ਦੀ ਆਲੋਚਨਾ
ਨਵੀਂ ਦਿੱਲੀ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਿਆਣਾ(ਪਾਣੀਪਤ) ਫੇਰੀ ਦੀ ਆਲੋਚਨਾ ਕੀਤੀ। ਕਿਸਾਨ ਆਗੂ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਆਪਣੀ ਪਾਰਟੀ ਨੂੰ ਚੋਣਾਂ ਵਿਚ ਮਿਲੀ ਜਿੱਤ ਨੂੰ ਆਪਣੀ ਵਿਕਾਸ ਦੀ ਪਹੁੰਚ ਦੇ ਸਬੂਤ ਵਜੋਂ ਪੇਸ਼ ਕਰਨਗੇ। ਪੰਧੇਰ ਨੇ ਕਿਹਾ ਕਿ ਕਿਸਾਨ ਅਜੇ ਵੀ ਇੰਡੀਆ ਗੱਠਜੋੜ ਤੇ ਸੱਤਾਧਾਰੀ ਭਾਜਪਾ ਸਰਕਾਰ ਤੋਂ ਨਾਖ਼ੁਸ਼ ਹਨ। ਪੰਧੇਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵੱਲ ਮੁਖਾਤਬ ਹੋਣ। -ਏਐੱਨਆਈ
ਮਸਲੇ ਦੇ ਹੱਲ ਲਈ ਪੁਲੀਸ ਟੀਮ ਵੱਲੋਂ ਕਿਸਾਨਾਂ ਨਾਲ ਬੈਠਕਾਂ ਜਾਰੀ
ਪਟਿਆਲਾ(ਟਨਸ): ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਸਲੇ ਦੇ ਦੋਸਤਾਨਾ ਹੱਲ ਲਈ ਕਿਸਾਨਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਪੁਲੀਸ ਅਧਿਕਾਰੀਆਂ ਨੇ ਜ਼ਖ਼ਮੀ ਕਿਸਾਨਾਂ ਨਾਲ ਮਿਲਣ ਦਾ ਵੀ ਦਾਅਵਾ ਕੀਤਾ ਹੈ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਕ ਟੀਮ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਖਨੌਰੀ ਬਾਰਡਰ ’ਤੇ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਦਵਾਈ ਖਾਣ ਲਈ ਮਨਾਉਣ।
ਡੱਲੇਵਾਲ ਨੂੰ ਮਿਲੇ ਪੰਧੇਰ ਤੇ ਹੋਰ ਆਗੂ
ਸਰਵਣ ਸਿੰਘ ਪੰਧੇਰ ਤੇ ਹੋਰਾਂ ਨੇ ਅੱਜ ਖਨੌਰੀ ਬਾਰਡਰ ’ਤੇ ਪਹੁੰਚ ਕੇ 14 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਪਰੰਤ ਕਿਸਾਨ ਆਗੂਆਂ ਨੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਕਿਸਾਨਾਂ ਦਾ ਹਾਲ ਚਾਲ ਵੀ ਜਾਣਿਆ। ਸੂਤਰਾਂ ਮੁਤਾਬਕ ਮਰਨ ਵਰਤ ਕਰਕੇ ਡੱਲੇਵਾਲ ਦੀ ਹਾਲਤ ਠੀਕ ਨਹੀਂ ਹੈ। ਹੁਣ ਤੱਕ ਡੱਲੇਵਾਲ ਦਾ ਨੌਂ ਕਿਲੋ ਦੇ ਕਰੀਬ ਵਜ਼ਨ ਘੱਟ ਗਿਆ ਹੈ।
ਸੁਪਰੀਮ ਕੋਰਟ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਸ਼ਾਹਰਾਹਾਂ ਤੋਂ ਹਟਾਉਣ ਬਾਰੇ ਪਟੀਸ਼ਨ ਖਾਰਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੰਜਾਬ ਵਿਚ ਕੌਮੀ ਤੇ ਸਟੇਟ ਹਾਈਵੇਅਜ਼ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਉਥੋਂ ਫੌਰੀ ਹਟਾਉਣ ਲਈ ਕੇਂਦਰ ਤੇ ਹੋਰਨਾਂ ਸਬੰਧਤ ਅਥਾਰਿਟੀਜ਼ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਮਨਮੋਹਨ ਸਿੰਘ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਕੋਰਟ ਦੇ ਵਿਚਾਰ ਅਧੀਨ ਹੈ ਅਤੇ ਉਹ ਇਸ ਮੁੱਦੇ ਉੱਤੇ ਮੁੜ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਨਹੀਂ ਕਰ ਸਕਦਾ। ਬੈਂਚ ਨੇ ਪਟੀਸ਼ਨਰ ਗੌਰਵ ਲੂਥਰਾ, ਜੋ ਪੰਜਾਬ ਵਿਚ ਸਮਾਜਿਕ ਕਾਰਕੁਨ ਹੋਣ ਦਾ ਦਾਅਵਾ ਕਰਦਾ ਹੈ, ਨੂੰ ਕਿਹਾ, ‘‘ਅਸੀਂ ਪਹਿਲਾਂ ਹੀ ਵਡੇਰੇ ਮਸਲੇ ਦੀ ਘੋਖ ਕਰ ਰਹੇ ਹਾਂ। ਤੁਸੀਂ ਸਮਾਜ ਦੇ ਇਕੱਲੇ ਸ਼ਖ਼ਸ ਨਹੀਂ ਹੋ ਜਿਸ ਦੀ ਜ਼ਮੀਰ ਜਾਗਦੀ ਹੈ। ਦੁਹਰਾਅ ਵਾਲੀਆਂ ਪਟੀਸ਼ਨਾਂ ਦਾਖ਼ਲ ਨਾ ਕਰੋ। ਕੁਝ ਤਾਂ ਪ੍ਰਚਾਰ ਹਿੱਤ, ਜਦੋਂਕਿ ਕਿ ਕੁਝ ਮਹਿਜ਼ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪਟੀਸ਼ਨਾਂ ਦਾਖ਼ਲ ਕਰ ਰਹੇ ਹਨ।’’ ਕੋਰਟ ਨੇ ਪਟੀਸ਼ਨ ਹੋਰਨਾਂ ਬਕਾਇਆ ਪਟੀਸ਼ਨਾਂ ਨਾਲ ਜੋੜਨ ਦੀ ਲੂਥਰਾ ਦੀ ਅਪੀਲ ਵੀ ਰੱਦ ਕਰ ਦਿੱਤੀ। ਦੱਸਣਾ ਬਣਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਵਿਚਾਲੇ ਪੈਂਦੇ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਧਰਨਾ ਲਾਈ ਬੈਠੇ ਹਨ। ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸਨ ਪਰ ਹਰਿਆਣਾ ਸਰਹੱਦ ’ਤੇ ਸੁਰੱਖਿਆ ਬਲਾਂ ਵੱਲੋਂ ਰਾਹ ਡੱਕਣ ਕਰਕੇ ਕਿਸਾਨਾਂ ’ਤੇ ਉਥੇ ਹੀ ਧਰਨਾ ਲਾ ਦਿੱਤਾ। -ਪੀਟੀਆਈ