For the best experience, open
https://m.punjabitribuneonline.com
on your mobile browser.
Advertisement

ਦਿੱਲੀ ਕੂਚ: ਹਰਿਆਣਾ ਪੁਲੀਸ ਨੇ ਕਿਸਾਨਾਂ ਦਾ ਦੂਜਾ ਜਥਾ ਵੀ ਰੋਕਿਆ

05:54 AM Dec 09, 2024 IST
ਦਿੱਲੀ ਕੂਚ  ਹਰਿਆਣਾ ਪੁਲੀਸ ਨੇ ਕਿਸਾਨਾਂ ਦਾ ਦੂਜਾ ਜਥਾ ਵੀ ਰੋਕਿਆ
ਪੁਲੀਸ ਵੱਲੋਂ ਕਿਸਾਨਾਂ ’ਤੇ ਦਾਗੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਉੱਠਦਾ ਹੋਇਆ ਧੂੰਆਂ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ/ਰਤਨ ਸਿੰਘ ਢਿੱਲੋਂ
ਪਟਿਆਲਾ/ਅੰਬਾਲਾ, 8 ਦਸੰਬਰ
ਸ਼ੰਭੂ ਬਾਰਡਰ ’ਤੇ ਦਸ ਮਹੀਨਿਆਂ ਤੋਂ ਜਾਰੀ ਸੰਘਰਸ਼ ਦੀ ਕੜੀ ਵਜੋਂ ਅੱਜ ਦਿੱਲੀ ਕੂਚ ਲਈ ਅੱਗੇ ਵਧਿਆ 101 ਕਿਸਾਨਾਂ ਦਾ ਦੂਜਾ ਜਥਾ ਵੀ ਹਰਿਆਣਾ ਪੁਲੀਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਵਾਪਸ ਪਰਤ ਆਇਆ। ਇਸ ਦੌਰਾਨ ਜਲ ਤੋਪਾਂ ਦੀ ਵੀ ਵਰਤੋਂ ਕੀਤੀ ਗਈ। ਕਰੀਬ ਚਾਰ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਜਥਾ ਕੈਂਪ ’ਚ ਵਾਪਸ ਪਰਤ ਆਇਆ। ਇਸ ਦੌਰਾਨ ਦਸ ਕਿਸਾਨ ਜ਼ਖਮੀ ਹੋਏ। ਸਿਰ ਦੀ ਗੰਭੀਰ ਸੱਟ ਕਾਰਨ ਰੇਸ਼ਮ ਸਿੰਘ ਭਗਤਾ ਭਾਈਕਾ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਅਗਲੇ ਜਥੇ ਸਬੰਧੀ ਐਲਾਨ 9 ਦਸੰਬਰ ਨੂੰ ਕੀਤਾ ਜਾਵੇਗਾ।
ਬਲਦੇਵ ਜ਼ੀਰਾ, ਜਰਨੈਲ ਕਾਲੇਕੇ, ਕਰਨੈਲ ਲੰਗ, ਤੋਤਾ ਸਿੰਘ ਅਤੇ ਮੇਜਰ ਸਿੰਘ ਦੀ ਅਗਵਾਈ ਵਾਲਾ ਜਥਾ ਮੋਰਚੇ ਦੇ ਮੋਢੀ ਸਰਵਣ ਸਿੰਘ ਪੰਧੇਰ ਨੇ 12 ਵਜੇ ਰਵਾਨਾ ਕੀਤਾ ਸੀ। ਅੱਜ ਦੇ ਪ੍ਰਦਰਸ਼ਨ ਦੌਰਾਨ ਪੁਲੀਸ ਦੇ ਵੀ ਵੱਖਰੇ ਰੰਗ ਵੇਖਣ ਨੂੰ ਮਿਲੇ। ਕਿਸਾਨਾਂ ਦੇ ਪਹੁੰਚਣ ’ਤੇ ਹਰਿਆਣਾ ਪੁਲੀਸ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕਰਦੀ ਦੇਖੀ ਗਈ। ਇਸੇ ਤਰ੍ਹਾਂ ਪੁਲੀਸ ਨੇ ਕਿਸਾਨਾਂ ’ਤੇ ਫੁੱਲ ਵੀ ਸੁੱਟੇ ਅਤੇ ਚਾਹ, ਪਾਣੀ ਅਤੇ ਲੰਗਰ ਦੀ ਪੇਸ਼ਕਸ਼ ਵੀ ਕੀਤੀ। ਕਿਸਾਨਾਂ ਨੇ ਜਦੋਂ ਅੱਗੇ ਜਾਣ ਲਈ ਕਿਹਾ ਤਾਂ ਪੁਲੀਸ ਅਧਿਕਾਰੀਆਂ ਨੇ 101 ਮੈਂਬਰਾਂ ਦੀ ਸ਼ਨਾਖ਼ਤ ਕਰਵਾਉਣ ਲਈ ਆਖਿਆ। ਇੱਕ ਅਧਿਕਾਰੀ ਨੇ ਜਦੋਂ ਉਸ ਕੋਲ ਮੌਜੂਦ ਲਿਸਟ ’ਚੋਂ ਨਾਮ ਪੜ੍ਹਨੇ ਸ਼ੁਰੂ ਕੀਤੇ ਤਾਂ ਪੜ੍ਹੇ ਗਏ ਨਾਮ ਜਥੇ ਨਾਲ ਮੇਲ ਨਾ ਖਾਧੇ, ਜਿਸ ਕਾਰਨ ਵਿਵਾਦ ਪੈਦਾ ਹੋ ਗਿਆ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਪਾਉਣ ਲਈ ਪੁਲੀਸ ਨੇ ਇਹ ਲਿਸਟ ਜਾਣ ਬੁੱਝ ਕੇ ਹੋਰ ਨਾਵਾਂ ਵਾਲੀ ਤਿਆਰ ਕੀਤੀ ਹੈ। ਇਸ ਮਗਰੋਂ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਜਦੋਂ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਕਿਸਾਨ ਪਿੱਛੇ ਹਟ ਗਏ ਪਰ ਜਲਦੀ ਹੀ ਇਹ ਕਿਸਾਨ ਮੁੜ ਉਥੇ ਚਲੇ ਗਏ ਤਾਂ ਪੁਲੀਸ ਨੇ ਫਿਰ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ। ਕੁਝ ਕਿਸਾਨਾਂ ਅਨੁਸਾਰ ਪੁਲੀਸ ਨੇ ਅੱਥਰੂ ਗੈਸ ਦੇ ਗੋਲਿਆਂ ’ਚ ਛਰਲੇ ਪਾਏ ਹੋਏ ਸਨ, ਜਿਸ ਕਾਰਨ ਕਿਸਾਨ ਜ਼ਖਮੀ ਹੋਏ ਹਨ। ਕਿਸਾਨਾਂ ਨੇ ਪੁਲੀਸ ’ਤੇ ਮਿਰਚਾਂ ਵਾਲੀ ਸਪਰੇਅ ਅਤੇ ਬੇਹੋਸ਼ ਕਰਨ ਵਾਲੀ ਗੈਸ ਵਰਤਣ ਦੇ ਦੋਸ਼ ਵੀ ਲਾਏ। ਅੱਥਰੂ ਗੈਸ ਦੇ ਗੋਲੇ ਬੇਅਸਰ ਕਰਨ ਲਈ ਕਿਸਾਨਾਂ ਨੇ ਗਿੱਲੀਆਂ ਬੋਰੀਆਂ ਦੀ ਵਰਤੋਂ ਕੀਤੀ। ਅਖੀਰ ਸਰਵਣ ਸਿੰਘ ਪੰਧੇਰ ਦੇ ਕਹਿਣ ’ਤੇ ਕਰੀਬ ਚਾਰ ਘੰਟਿਆਂ ਬਾਅਦ ਜਥਾ ਵਾਪਸ ਕੈਂਪ ’ਚ ਪਰਤ ਆਇਆ। ਇਥੇ ਪ੍ਰੈਸ ਕਾਨਫਰੰਸ ਕਰਕੇ ਪੰਧੇਰ ਨੇ ਦੱਸਿਆ ਕਿ ਭਲਕੇ ਜਥਾ ਨਹੀਂ ਜਾਵੇਗਾ।

Advertisement

ਕਿਸਾਨਾਂ ਨੇ ਹਮਲਾ ਕੀਤਾ ਤਾਂ ਪੁਲੀਸ ਨੂੰ ਵੀ ਸਖ਼ਤ ਹੋਣਾ ਪਿਆ: ਡੀਐੱਸਪੀ

ਹਰਿਆਣਾ ਪੁਲੀਸ ਦੇ ਡੀਐੱਸਪੀ ਵਰਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਹੱਥ ਵੀ ਜੋੜੇ ਅਤੇ ਪੂਰਾ ਸਤਿਕਾਰ ਵੀ ਕੀਤਾ ਪਰ ਜਦੋਂ ਕਿਸਾਨ ਉਨ੍ਹਾਂ ’ਤੇ ਹਮਲਾ ਕਰਨ ਲੱਗੇ ਤਾਂ ਉਨ੍ਹਾਂ ਨੂੰ ਸਖ਼ਤ ਹੋਣਾ ਪਿਆ। ਡੀਐੱਸਪੀ ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਜ ਆਏ ਕਿਸਾਨਾਂ ’ਚੋਂ ਸਿਰਫ ਛੇ ਕਿਸਾਨਾਂ ਦੇ ਨਾਮ ਹੀ ਲਿਸਟ ਦੇ ਨਾਵਾਂ ਨਾਲ ਮਿਲੇ। ਇਸ ਕਰਕੇ ਉਹ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਜਾਲੀ ਤੋੜ ਦਿੱਤੀ ਅਤੇ ਬੈਰੀਕੇਡ ਵੀ ਚੁੱਕ ਕੇ ਲੈ ਗਏ। ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ’ਚੋਂ ਵੀ ਬਹੁਤੇ ਕਿਸਾਨਾਂ ਦੇ ਪੁੱਤ ਹਨ ਪਰ ਉਹ ਪ੍ਰ੍ਰਸ਼ਾਸਨ ਦੇ ਹੁਕਮਾਂ ਦੇ ਬੰਨ੍ਹੇ ਹੋਏ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅਜਿਹੀ ਕੋਈ ਵੀ ਵਸਤੂ ਨਹੀਂ ਵਰਤੀ ਗਈ, ਜੋ ਕਿਸੇ ਕਿਸਾਨ ਨੂੰ ਜ਼ਖ਼ਮੀ ਕਰਨ ਦਾ ਕਾਰਨ ਬਣਦੀ ਹੋਵੇ।

Advertisement

Advertisement
Author Image

sukhwinder singh

View all posts

Advertisement