ਦਿੱਲੀ ਆਬਕਾਰੀ ਕੇਸ: ਹੁਣ ਸੀਬੀਆਈ ਨੇ ਕਵਿਤਾ ਨੂੰ ਕੀਤਾ ਗ੍ਰਿਫ਼ਤਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਪਰੈਲ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸਬੰਧ ਵਿੱਚ ਬੀਆਰਐੱਸ ਦੀ ਐੱਮਐੱਲਸੀ ਕੇ. ਕਵਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਬੁੱਧਵਾਰ ਨੂੰ ਤਿਹਾੜ ਜੇਲ੍ਹ ਵਿੱਚ ਕਵਿਤਾ ਤੋਂ ਪੁੱਛ-ਪੜਤਾਲ ਕੀਤੀ ਸੀ ਜਿੱਥੇ ਉਹ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ ਵਿੱਚ ਹੈ। ਜਾਂਚ ਏਜੰਸੀ ਨੂੰ ਵਿਸ਼ੇਸ਼ ਅਦਾਲਤ ਨੇ ਸਹਿ-ਮੁਲਜ਼ਮ ਬੁਚੀ ਬਾਬੂ ਦੇ ਫ਼ੋਨ ਤੋਂ ਬਰਾਮਦ ਕੀਤੀਆਂ ਵਟਸਐਪ ਚੈਟ ਅਤੇ ਜ਼ਮੀਨ ਦੇ ਸੌਦੇ ਨਾਲ ਸਬੰਧਤ ਦਸਤਾਵੇਜ਼ਾਂ ਦੇ ਸਬੰਧ ’ਚ ਪੁੱਛ-ਪੜਤਾਲ ਦੀ ਇਜਾਜ਼ਤ ਦਿੱਤੀ ਸੀ। ਵਿਸ਼ੇਸ਼ ਅਦਾਲਤ ਤੋਂ ਮਨਜ਼ੂਰੀ ਮਗਰੋਂ ਸੀਬੀਆਈ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਆਰਐੱਸ ਆਗੂ ਦਾ ਕਹਿਣਾ ਹੈ ਕਿ ਕੇਸ ਪੂਰੀ ਤਰ੍ਹਾਂ ਬਿਆਨਾਂ ’ਤੇ ਆਧਾਰਿਤ ਹੈ। ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ’ਤੇ ਦੱਖਣੀ ਗਰੁੱਪ ਦੀ ਮੁੱਖ ਮੈਂਬਰ ਹੋਣ ਦਾ ਕਥਿਤ ਦੋਸ਼ ਹੈ ਜਿਸ ਨੇ ਕਥਿਤ ਤੌਰ ’ਤੇ ਦਿੱਲੀ ਵਿੱਚ ਸੱਤਾਧਾਰੀ ‘ਆਪ’ ਨੂੰ ਸ਼ਰਾਬ ਦੇ ਲਾਇਸੈਂਸਾਂ ਦੇ ਵੱਡੇ ਹਿੱਸੇ ਦੇ ਬਦਲੇ 100 ਕਰੋੜ ਰੁਪਏ ਦੀ ਰਿਸ਼ਵਤ ਅਦਾ ਕੀਤੀ ਸੀ। ਸੀਬੀਆਈ ਕਵਿਤਾ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਆਪਣੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰੇਗੀ। ਜੇਕਰ ਸੀਬੀਆਈ ਨੂੰ ਉਸ ਦਾ ਰਿਮਾਂਡ ਮਿਲ ਗਿਆ ਤਾਂ ਕਵਿਤਾ ਤੋਂ ਏਜੰਸੀ ਦੇ ਹੈੱਡਕੁਆਰਟਰ ’ਤੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਉਸ ਨੂੰ ਮੰਗਲਵਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਈਡੀ ਨੇ ਕਵਿਤਾ (46) ਨੂੰ 15 ਮਾਰਚ ਨੂੰ ਹੈਦਰਾਬਾਦ ’ਚ ਉਸ ਦੇ ਬੰਜਾਰਾ ਹਿੱਲਜ਼ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ।