Delhi Elections ਦਿੱਲੀ ਅਸੈਂਬਲੀ ਲਈ ਭਲਕੇ ਬੁੱਧਵਾਰ ਨੂੰ ਪੈਣਗੀਆਂ ਵੋਟਾਂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਫਰਵਰੀ
ਦਿੱਲੀ ਅਸੈਂਬਲੀ ਦੀ ਚੋਣ ਲਈ ਬੁੱਧਵਾਰ 5 ਫਰਵਰੀ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਕੌਮੀ ਰਾਜਧਾਨੀ ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਦਿੱਲੀ ਦੇ 1.56 ਕਰੋੜ ਵੋਟਰ ਆਜ਼ਾਦ ਅਤੇ ਹੋਰ ਸਥਾਨਕ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ 699 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ 13,766 ਪੋਲਿੰਗ ਸਟੇਸ਼ਨਾਂ ’ਤੇ 1.56 ਕਰੋੜ ਵੋਟਰ ਵੋਟ ਪਾਉਣ ਦੇ ਯੋਗ ਹਨ। ਇਸ ਵਿੱਚ 83.76 ਲੱਖ ਪੁਰਸ਼, 72.36 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਅਪਾਹਜ ਵਿਅਕਤੀਆਂ ਲਈ 733 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚੋਣ ਕਮਿਸ਼ਨ ਨੇ ਕਤਾਰ ਪ੍ਰਬੰਧਨ ਸਿਸਟਮ (ਕਿਊਐਮਐਸ) ਐਪ ਵੀ ਲਾਂਚ ਕੀਤਾ ਹੈ, ਜਿਸ ਨਾਲ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਭੀੜ ਦਾ ਪਤਾ ਲੱਗੇਗਾ।
ਦਿੱਲੀ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਤਰ੍ਹਾਂ ਦੇ ਸੁਰੱਖਿਆ ਉਪਾਅ ਕੀਤੇ ਹਨ, ਜਿਸ ਵਿੱਚ ਅਰਧ ਸੈਨਿਕ ਬਲ, ਪੁਲੀਸ ਕਰਮਚਾਰੀ, ਸੀਸੀਟੀਵੀ, ਏਆਈ ਨਾਲ ਲੈਸ ਕੈਮਰੇ ਅਤੇ ਡਰੋਨ ਸ਼ਾਮਲ ਹਨ। ਦਿੱਲੀ ਪੁਲੀਸ ਰਾਸ਼ਟਰੀ ਰਾਜਧਾਨੀ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਚਿਹਰੇ ਦੀ ਪਛਾਣ ਪ੍ਰਣਾਲੀ ਦੀ ਵੀ ਵਰਤੋਂ ਕਰਦੀ ਹੈ।

ਭਲਕੇ ਹੋਣ ਵਾਲੀਆਂ ਚੋਣਾਂ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਦੀਆਂ ਹੱਦਾਂ ਉਪਰ ਚੌਕਸੀ ਵਰਤੀ ਜਾ ਰਹੀ ਹੈ। ਖ਼ਾਸ ਕਰਕੇ ਪੰਜਾਬ ਵੱਲੋਂ ਦਿੱਲੀ ਨੂੰ ਜਾਂਦੇ ਰਾਹਾਂ ਉੱਤੇ ਪੁਲੀਸ ਦੀਆਂ ਨਜ਼ਰਾਂ ਟਿਕੀਆਂ ਹਨ। ਪੁਲੀਸ ਅਧਿਕਾਰੀਆਂ ਮੁਤਾਬਕ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 30,000 ਤੋਂ ਵੱਧ ਪੁਲੀਸ ਕਰਮਚਾਰੀ ਅਤੇ 220 ਅਰਧ ਸੈਨਿਕ ਕੰਪਨੀਆਂ ਨੂੰ ਦਿੱਲੀ ਭਰ ਵਿੱਚ ਤਾਇਨਾਤ ਕੀਤਾ ਗਿਆ ਹੈ।

ਦਿੱਲੀ ਪੁਲੀਸ ਨੇ ਕਰੀਬ 3,000 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਇਨ੍ਹਾਂ ਬੂਥਾਂ ਲਈ ਡਰੋਨ ਨਿਗਰਾਨੀ ਸਮੇਤ ਵਿਸ਼ੇਸ਼ ਸੁਰੱਖਿਆ ਉਪਾਅ ਕੀਤੇ ਗਏ ਹਨ। ਸੰਵੇਦਨਸ਼ੀਲ ਬੂਥਾਂ ਲਈ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਹਨ ਅਤੇ ਕੁਇਕ ਰਿਐਕਸ਼ਨ ਟੀਮਾਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਰਹਿਣਗੀਆਂ।
ਇਨ੍ਹਾਂ ਚੋਣਾਂ ਵਿੱਚ ਕਈ ਸਿਆਸੀ ਆਗੂਆਂ ਦੀ ਕਿਸਮਤ ਦਾਅ ਉੱਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਦਾ ਸਾਹਮਣਾ ਭਾਜਪਾ ਦੇ ਪਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਨਾਲ ਹੈ।
‘ਆਪ’ ਉਮੀਦਵਾਰ ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਤੋਂ ਚੋਣ ਲੜ ਰਹੀ ਹੈ, ਜਿਸ ਨੂੰ ਕਾਂਗਰਸੀ ਆਗੂ ਅਲਕਾ ਲਾਂਬਾ ਅਤੇ ਭਾਜਪਾ ਦੇ ਰਮੇਸ਼ ਬਿਧੂੜੀ ਤੋਂ ਚੁਣੌਤੀ ਦਰਪੇਸ਼ ਰਹੇਗੀ।
ਜੰਗਪੁਰਾ ਸੀਟ ਤੋਂ ‘ਆਪ’ ਦੇ ਮਨੀਸ਼ ਸਿਸੋਦੀਆ ਦਾ ਮੁਕਾਬਲਾ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਅਤੇ ਕਾਂਗਰਸ ਦੇ ਫਰਹਾਦ ਸੂਰੀ ਨਾਲ ਹੈ। ‘ਆਪ’ ਦੇ ਸੀਨੀਅਰ ਆਗੂ ਸਤਿੰਦਰ ਜੈਨ ਸ਼ਕੂਰ ਬਸਤੀ ਤੋਂ ਭਾਜਪਾ ਦੇ ਕਰਨੈਲ ਸਿੰਘ ਵਿਰੁੱਧ ਚੋਣ ਲੜ ਰਹੇ ਹਨ।