Delhi Elections Results: ਦਿੱਲੀ ਵਿਧਾਨ ਸਭਾ ਚੋਣਾਂ ’ਚ ਪੰਜ ਸਿੱਖ ਉਮੀਦਵਾਰ ਜਿੱਤੇ
ਭਾਜਪਾ ਦੇ ਤਿੰਨ ਅਤੇ ‘ਆਪ’ ਦੇ ਦੋ ਸਿੱਖ ਉਮੀਦਵਾਰ ਰਹੇ ਜੇਤੂ; ਅਰਵਿੰਦਰ ਸਿੰਘ ਲਵਲੀ, ਮਨਜਿੰਦਰ ਸਿੰਘ ਸਿਰਸਾ, ਤਰਵਿੰਦਰ ਸਿੰਘ ਮਾਰਵਾਹ, ਜਰਨੈਲ ਸਿੰਘ ਤੇ ਪੁਨਰਦੀਪ ਸਿੰਘ ਸਾਹਨੀ ਜੇਤੂਆਂ ’ਚ ਸ਼ਾਮਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਫਰਵਰੀ
Delhi Elections Results: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਕੁੱਲ ਮਿਲਾ ਕੇ ਪੰਜ ਸਿੱਖ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਵਿਚ ਪੁੱਜਣ ’ਚ ਸਫਲ ਰਹੇ ਹਨ। ਇਨ੍ਹਾਂ ਵਿਚੋਂ ਭਾਜਪਾ ਦੇ ਤਿੰਨ ਅਤੇ ‘ਆਪ’ ਦੇ ਦੋ ਸਿੱਖ ਉਮੀਦਵਾਰ ਜਿੱਤੇ ਹਨ।
ਭਾਜਪਾ ਦੀ ਟਿਕਟ ’ਤੇ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਅਤੇ ਜੰਗਪੁਰਾ ਤੋਂ ਤਰਵਿੰਦਰ ਸਿੰਘ ਮਾਰਵਾਹ ਜੇਤੂ ਰਹੇ। ਆਮ ਆਦਮੀ ਪਾਰਟੀ ਵੱਲੋਂ ਤਿਲਕ ਨਗਰ ਤੋਂ ਜਰਨੈਲ ਸਿੰਘ ਤੇ ਚਾਂਦਨੀ ਚੌਕ ਤੋਂ ਪੁਨਰਦੀਪ ਸਿੰਘ ਸਾਹਨੀ ਜਿੱਤੇ ਹਨ।
ਅਰਵਿੰਦਰ ਸਿੰਘ ਲਵਲੀ ਨੇ (56858 ਵੋਟਾਂ) ਨੇ ਆਮ ਆਦਮੀ ਪਾਰਟੀ ਦੇ ਨਵੀਨ ਚੌਧਰੀ (44110 ਵੋਟਾਂ) ਨੂੰ 12748 ਵੋਟਾਂ ਨਾਲ ਹਰਾਇਆ। ਉਹ ਚੌਥੀ ਵਾਰ ਜਿੱਤੇ ਹਨ। ਸ਼ੀਲਾ ਦੀਕਸ਼ਤ ਸਰਕਾਰ ਵਿੱਚ ਉਹ ਦੋ ਵਾਰ ਮੰਤਰੀ ਵੀ ਬਣੇ ਸਨ।
ਮਨਜਿੰਦਰ ਸਿੰਘ ਸਿਰਸਾ (64132 ਵੋਟਾਂ) ਨੇ ‘ਆਪ’ ਦੇ ਧਨਵੰਤੀ ਚੰਦੇਲਾ (45942 ਵੋਟਾਂ) ਨੂੰ 18190 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਉਹ ਦੂਜੀ ਵਾਰ ਇਸੇ ਹਲਕੇ ਤੋਂ ਜਿੱਤੇ ਹਨ। ਤਰਵਿੰਦਰ ਸਿੰਘ ਮਾਰਵਾਹ (38859 ਵੋਟਾਂ) ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ (38184 ਵੋਟਾਂ) ਨੂੰ 675 ਵੋਟਾਂ ਨਾਲ ਹਰਾਇਆ। ਉਹ ਵੀ ਲਵਲੀ ਵਾਂਗ ਹੀ ਚੌਥੀ ਵਾਰ ਜਿੱਤੇ ਹਨ। ਸ਼ੀਲਾ ਦੀਕਸ਼ਤ ਦੀ ਸਰਕਾਰ ਸਮੇਂ ਉਹ ਤਿੰਨ ਵਾਰ ਜਿੱਤੇ ਅਤੇ ਭਾਜਪਾ ਦੀ ਟਿਕਟ ਉੱਤੇ ਇਸ ਵਾਰ ਜਿੱਤੇ।
ਚਾਂਦਨੀ ਚੌਕ ਹਲਕੇ ਤੋਂ ‘ਆਪ’ ਦੇ ਪੁਨਰਦੀਪ ਸਿੰਘ ਸਾਹਨੀ (38993 ਵੋਟਾਂ) ਨੇ ਭਾਜਪਾ ਦੇ ਸਤੀਸ਼ ਜੈਨ (22421 ਵੋਟਾਂ) ਨੂੰ 16372 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਹਲਕੇ ਤੋਂ ਸਾਹਨੀ ਦੇ ਪਿਤਾ ਪ੍ਰਹਿਲਾਦ ਸਿੰਘ ਸਾਹਨੀ ਕਾਂਗਰਸ ਵੱਲੋਂ ਤਿੰਨ ਵਾਰ ਅਤੇ ਇੱਕ ਵਾਰ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਸਨ। ਸਾਹਨੀ ਪਰਿਵਾਰ ਦੀ ਚਾਂਦਨੀ ਚੌਕ ਹਲਕੇ ਵਿੱਚ ਇਹ ਪੰਜਵੀਂ ਜਿੱਤ ਹੈ।
ਤਿਲਕ ਨਗਰ ਤੋਂ ਜਰਨੈਲ ਸਿੰਘ (52134 ਵੋਟਾਂ) ਨੇ ਭਾਜਪਾ ਉਮੀਦਵਾਰ ਸ਼ਵੇਤਾ (40478) ਨੂੰ 11656 ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ। ਉਹ ਵੀ ਚੌਥੀ ਵਾਰ ਵਿਧਾਨ ਸਭਾ ਵਿੱਚ ਗਏ ਹਨ। ਹਾਰਨ ਵਾਲੇ ਸਿੱਖ ਉਮੀਦਵਾਰਾਂ ਵਿੱਚ ਜਤਿੰਦਰ ਸਿੰਘ ਸ਼ੰਟੀ ਸ਼ਾਮਲ ਹਨ। ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ।