Delhi Elections Results 2025: ਜਨਤਾ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ: ਅਮਿਤ ਸ਼ਾਹ
ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੁਨੀਆਂ ਦੀ ਆਦਰਸ਼ ਰਾਜਧਾਨੀ ਬਣੇਗੀ ਦਿੱਲੀ: ਗ੍ਰਹਿ ਮੰਤਰੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 8 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਅਤੇ ਰੁਝਾਨਾਂ ਉਤੇ ਟਿੱਪਣੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਜਨਤਾ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਸੋੋਸ਼ਲ ਮੀਡੀਆ ਪਲੈਟਫਾਰਮ ਐਕਸ (X) ਉਤੇ ਪਾਈ ਆਪਣੀ ਪੋਸਟ ਵਿਚ ਸ਼ਾਹ ਨੇ ਕਿਹਾ ਕਿ ਦਿੱਲੀ ਵਿਚੋਂ ਆਮ ਆਦਮੀ ਪਾਰਟੀ ਦੇ ਝੂਠ ਦੀ ਸਿਆਸਤ ਦਾ ਅੰਤ ਹੋ ਗਿਆ ਹੈ।
ਉਨ੍ਹਾਂ ਕਿਹਾ, ‘‘ਦਿੱਲੀ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਜਨਤਾ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਜਨਤਾ ਨੇ ਆਪਣੀਆਂ ਵੋਟਾਂ ਨਾਲ ਗੰਦੀ ਯਮੁਨਾ, ਪੀਣ ਵਾਲਾ ਗੰਦਾ ਪਾਣੀ, ਟੁੱਟੀਆਂ ਸੜਕਾਂ, ਓਵਰ ਫਲੋ ਹੁੰਦੇ ਸੀਵਰਾਂ ਅਤੇ ਹਰੇਕ ਗਲੀ ਵਿੱਚ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਦਾ ਜਵਾਬ ਦਿੱਤਾ ਹੈ।’’
ਉਨ੍ਹਾਂ ਇਸ ਮੌਕੇ ‘ਦਿੱਲੀ ਵਿੱਚ (ਭਾਜਪਾ ਦੀ) ਇਸ ਸ਼ਾਨਦਾਰ ਜਿੱਤ’ ਲਈ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਦਿੱਲੀ ਸੂਬਾਈ ਪ੍ਰਧਾਨ ਵਿਰੇਂਦਰ ਸਚਦੇਵਾ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ, ‘‘ਇਹ ਭਾਵੇਂ ਔਰਤਾਂ ਦਾ ਸਨਮਾਨ ਹੋਵੇ, ਅਣਅਧਿਕਾਰਤ ਕਲੋਨੀ ਨਿਵਾਸੀਆਂ ਦਾ ਸਵੈ-ਮਾਣ ਹੋਵੇ ਜਾਂ ਸਵੈ-ਰੁਜ਼ਗਾਰ ਦੀਆਂ ਬੇਅੰਤ ਸੰਭਾਵਨਾਵਾਂ ਹੋਣ, ਦਿੱਲੀ ਹੁਣ ਮੋਦੀ ਜੀ ਦੀ ਅਗਵਾਈ ਹੇਠ ਇੱਕ ਆਦਰਸ਼ ਰਾਜਧਾਨੀ ਬਣੇਗੀ।’’