ਕੇਂਦਰੀ ਬਜਟ ਵਿੱਚ ਦਿੱਲੀ ਨੂੰ ਇੱਕ ਰੁਪਿਆ ਨਹੀਂ ਮਿਲਿਆ: ਆਤਿਸ਼ੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੁਲਾਈ
ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਨੂੰ ਟੈਕਸਾਂ ਵਿੱਚ 2.32 ਲੱਖ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਬਾਵਜੂਦ ਕੌਮੀ ਰਾਜਧਾਨੀ ਦਿੱਲੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਕੇਂਦਰੀ ਟੈਕਸਾਂ ਵਿੱਚ ਇੱਕ ਪੈਸਾ ਵੀ ਨਹੀਂ ਮਿਲਿਆ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਦਿੱਲੀ ਨੇ ਐੱਮਸੀਡੀ ਲਈ ਬਜਟ ਅਲਾਟਮੈਂਟ ਦੀ ਮੰਗ ਕੀਤੀ ਸੀ ਪਰ ਉਸ ਨੂੰ ਕੇਂਦਰ ਤੋਂ ਇੱਕ ਰੁਪਿਆ ਵੀ ਨਹੀਂ ਮਿਲਿਆ। ‘ਆਪ’ ਨੇਤਾ ਨੇ ਕਿਹਾ ਕਿ ਦਿੱਲੀ ਦੇਸ਼ ਦਾ ਵਿਕਾਸ ਇੰਜਣ ਹੈ। ਇਹ ਕੇਂਦਰ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਆਮਦਨ ਟੈਕਸ ਅਤੇ 25,000 ਕਰੋੜ ਰੁਪਏ ਕੇਂਦਰੀ ਜੀਐੱਸਟੀ ਵਜੋਂ ਅਦਾ ਕਰਦੀ ਹੈ। ਕੇਂਦਰ ਨੂੰ ਟੈਕਸਾਂ ਵਜੋਂ 2.32 ਲੱਖ ਕਰੋੜ ਰੁਪਏ ਦੇਣ ਦੇ ਬਾਵਜੂਦ ਦਿੱਲੀ ਸਿਰਫ਼ 20,000 ਕਰੋੜ (ਕੇਂਦਰੀ ਬਜਟ ਦਾ ਸਿਰਫ਼ 0.4 ਪ੍ਰਤੀਸ਼ਤ) ਪਰ ਕੇਂਦਰੀ ਟੈਕਸਾਂ ਜਾਂ ਐੱਮਸੀਡੀ ਨੂੰ ਇਸ ਦੇ ਹਿੱਸੇ ਵਜੋਂ ਕੋਈ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਕੇਂਦਰ ਵਿੱਚ ਇਸਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਪਿਛਲੇ 11 ਬਜਟਾਂ ਵਿੱਚ ਦਿੱਲੀ ਲਈ ਕੀਤੇ ਇੱਕ ਕੰਮ ਨੂੰ ਵੀ ਦਿਖਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਨੇ ਦਿੱਲੀ ਦੇ ਲੋਕਾਂ ਨੂੰ ਦਿਖਾ ਦਿੱਤਾ ਹੈ ਕਿ ਭਾਜਪਾ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ ਹੈ। ਭਾਜਪਾ ਸ਼ਾਸਤ ਕੇਂਦਰ ਨੇ ਆਪਣੇ ਆਪ ਨੂੰ ਬਚਾਉਣ ਲਈ ਇਹ ਬਜਟ ਪੇਸ਼ ਕੀਤਾ ਹੈ ਅਤੇ ਇਹ ਦੇਸ਼ ਦੇ ਲੋਕਾਂ ਲਈ ਨਹੀਂ ਹੈ।