ਦਿੱਲੀ ਨਿਗਮ ਵੱਲੋਂ ਕੂੜੇ ਦੇ ਛੋਟੇ ਢੇਰ ਹਟਾਉਣ ਦੀ ਯੋਜਨਾ
ਨਵੀਂ ਦਿੱਲੀ, 13 ਅਗਸਤ
ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਸਫ਼ਾਈ ਮੁਹਿੰਮ ਤਹਿਤ ਸ਼ਹਿਰ ’ਚੋਂ ਕੁੂੜੇ ਦੇ ਛੋਟੇ ਪਹਾੜਨੁਮਾ ਢੇਰ ਹਟਾਉਣ ਦੀ ਯੋਜਨਾ ਉਲੀਕੀ ਹੈ। ਇਸ ਸਬੰਧੀ ਦਿੱਲੀ ਦੇ ਮੇਅਰ ਸ਼ੈਲੀ ਓਬਰਾਏ ਨੇ ਅੱਜ ਦੱਸਿਆ ਕਿ ਦਿੱਲੀ ਨਗਰ ਨਿਗਮ ਸਫ਼ਾਈ ਮੁਹਿੰਮ ਤਹਿਤ ਕੂੜੇ ਦੇ ਛੋਟੇ ਢੇਰਾਂ ਨੂੰ ਹਟਾਉਣ ’ਤੇ ਕੰਮ ਕਰੇਗੀ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੈਲੀ ਓਬਰਾਏ ਨੇ ਦੱਸਿਆ ਕਿ ਕੂੜੇ ਦੇ ਛੋਟੇ ਢੇਰ ਹਟਾ ਕੇ ਇਨ੍ਹਾਂ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਮਸੀਡੀ ਨੇ ਸ਼ਹਿਰ ਦੇ ਸਾਰੇ 250 ਵਾਰਡਾਂ ਨੁੂੰ ਸਾਫ਼ ਸੁਥਰਾ ਬਣਾਉਣ ਲਈ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਲੋਕਾਂ ਵੱਲੋਂ ਰੋਜ਼ਾਨਾ ਕੁੂੜਾ ਸੁੱਟਣ ਨਾਲ ਉਥੇ ਕੂੜੇ ਦੇ ਛੋਟੇ ਢੇਰ ਲੱਗ ਜਾਂਦੇ ਹਨ, ਜੋ ਇੱਕ ਵੱਡੀ ਸਮੱਸਿਆ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਰਹਿੰਦਾ ਹੈ। ਮੇਅਰ ਨੇ ਕਿਹਾ ਕਿ ਹੁਣ ਉਹ ਸ਼ਹਿਰ ’ਚੋਂ ਕੂੜੇ ਦੇ ਢੇਰ ਹਟਾ ਕੇ ਇਨ੍ਹਾਂ ਖੇਤਰਾਂ ਨੂੰ ਸੁੰਦਰ ਬਣਾਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ਦਾ ਸਰਵੇਖਣ ਅਤੇ ਕੂੜੇ ਵਾਲੀਆਂ ਥਾਵਾਂ ਦੀ ਨਿਗਮ ਦੀ ਐਪ ’ਤੇ ਤਸਵੀਰਾਂ ਸਾਂਝੀਆਂ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ। ਜੋ ਕੂੜੇ ਵਾਲੀਆਂ ਥਾਵਾਂ ਦੀ ਸਫਾਈ ਕਰਨਗੀਆਂ। ਇਸ ਦੌਰਾਨ ਸ਼ੈਲੀ ਓਬਰਾਏ ਨੇ ਦੋਸ਼ ਲਾਇਆ ਕਿ ਭਾਜਪਾ ਦੇ 15 ਸਾਲ ਦੇ ਰਾਜ ’ਚ ਦਿੱਲੀ ਨੂੰ ਕੂੜੇ ਦੇ ਤਿੰਨ ਪਹਾੜਨੁਮਾ ਢੇਰ ਮਿਲੇ ਹਨ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਨਿਗਮ ਚੋਣਾਂ ਦੌਰਾਨ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਦਾ ਜ਼ਿਕਰ ਕਰਦਿਆਂ ਸ਼ੈਲੀ ਓਬਰਾਏ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਤੀਆਂ 10 ਗਾਰੰਟੀਆਂ ’ਚੋਂ ਸਫ਼ਾਈ ਪਹਿਲੀ ਤਰਜੀਹ ਹੈ। ਮੇਅਰ ਨੇ ਕਿਹਾ ਕਿ ਅੱਜ ‘‘ ਦਿੱਲੀ ਹੋਗੀ ਅਬ ਸਾਫ਼’ ਮੁਹਿੰਮ ਦਾ ਦੂਜਾ ਦਿਨ ਹੈ ਤੇ ਇਹ ਮੁਹਿੰਮ ਸਾਲ ਭਰ ਜਾਰੀ ਰਹੇਗੀ। -ਪੀਟੀਆਈ