Delhi Congress: ਦਿੱਲੀ ਅਸੈਂਬਲੀ ਚੋਣਾਂ ’ਚ ਸਾਰੀਆਂ 70 ਸੀਟਾਂ ’ਤੇ ਲੜੇਗੀ ਕਾਂਗਰਸ: ਦੇਵੇਂਦਰ ਯਾਦਵ
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਮਗਰੋਂ ਇੱਥੇ ਯਾਦਵ ਨੇ ਇਹ ਗੱਲ ਮੁੱਖ ਮੰਤਰੀ ਚਿਹਰੇ ਅਤੇ ਗੱਠਜੋੜ ਦੀਆਂ ਸੰਭਾਵਨਾਵਾਂ ਸਬੰਧੀ ਸਵਾਲ ਦੇ ਜਵਾਬ ’ਚ ਆਖੀ। ਉਨ੍ਹਾਂ ਆਖਿਆ, ‘‘ਅਸੀਂ ਕਦੇ ਵੀ ਪਹਿਲਾਂ ਐਲਾਨ ਨਹੀਂ ਕਰਦੇ। ਅਸੀਂ ਸਾਰੀਆਂ 70 ਸੀਟਾਂ ’ਤੇ ਲੜਾਂਗੇ। ਸਾਡੇ ਜਿੱਤਣ ਮਗਰੋਂ ਹੀ ਸਾਡਾ ਨੇਤਾ ਚੁਣਿਆ ਜਾਂਦਾ ਹੈ। ਇਹੀ ਪ੍ਰਕਿਰਿਆ ਦਿੱਲੀ ’ਚ ਲਾਗੂ ਕੀਤੀ ਜਾਵੇਗੀ। ਕੋਈ ਵੀ ਗੱਠਜੋੜ ਨਹੀਂ ਹੋਵੇਗਾ।’’
ਯਾਦਵ ਨੇ ਕਿਹਾ ਕਿ ‘ਆਪ’ ਅਤੇ ਭਾਜਪਾ ਦੇ ਮਾੜੇ ਸਾਸ਼ਨ ਤੋਂ ਦਿੱਲੀ ਦੇ ਲੋਕ ਖੁਸ਼ ਨਹੀਂ ਹਨ। ਉਨ੍ਹਾਂ ਮੁਤਾਬਕ, ‘‘ਸੀਨੀਅਰ ਸਿਟੀਜਨਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ। ਗਰੀਬਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਸੜਕਾਂ ਖਰਾਬ ਹਨ। ਪ੍ਰਦੂਸ਼ਣ ਵੱਸੋਂ ਬਾਹਰ ਹੈ। ਨੌਜਵਾਨ ਬੇਰੁਜ਼ਗਾਰ ਹਨ। ਮਹਿੰਗਾਈ ਕਾਰਨ ਔਰਤਾਂ ਨਿਰਾਸ਼ ਹਨ। ‘ਆਪ’ ਨੇ ਮੁਹੱਲਾ ਕਲੀਨਿਕ ਸਿਰਫ ਦਿਖਾਵੇ ਲਈ ਖੋਲ੍ਹੇ ਹਨ। ਇਹ ਕੇਜਰੀਵਾਲ ਮਾਡਲ ਹੈ।’’ ਇਸੇ ਦੌਰਾਨ ਕਾਂਗਰਸ ਨੇ ਦਿੱਲੀ ਚੋਣਾਂ ਲਈ ਪਾਰਟੀ ਦੇ ਆਗੂ ਪ੍ਰਿਆਵਰਤ ਸਿੰਘ ਨੂੰ ‘ਵਾਰ ਰੂਮ’ ਦਾ ਚੇਅਰਮੈਨ ਨਿਯੁਕਤ ਕੀਤਾ ਹੈ। -ਏਐੱਨਆਈ