For the best experience, open
https://m.punjabitribuneonline.com
on your mobile browser.
Advertisement

ਦਿੱਲੀ ਕਮੇਟੀ ਵੱਲੋਂ ਸਰਨਾ ਭਰਾਵਾਂ ਨੂੰ ਕੰਮਾਂ ਦੀ ਜਾਂਚ ਕਰਨ ਦਾ ਸੱਦਾ

09:20 AM Aug 26, 2023 IST
ਦਿੱਲੀ ਕਮੇਟੀ ਵੱਲੋਂ ਸਰਨਾ ਭਰਾਵਾਂ ਨੂੰ ਕੰਮਾਂ ਦੀ ਜਾਂਚ ਕਰਨ ਦਾ ਸੱਦਾ
ਨਵੀਂ ਦਿੱਲੀ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਮੀਤ ਸਿੰਘ ਕਾਲਕਾ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਸੱਦਾ ਦਿੱਤਾ ਕਿ ਉਹ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਹੋਏ ਕੰਮਾਂ ਦੀ ਘੋਖ ਵਾਸਤੇ ਜਦੋਂ ਮਰਜ਼ੀ ਆ ਕੇ ਜਾਂਚ ਕਰ ਲੈਣ। ਇਸ ਨਾਲ ਸਾਰੀ ਸੰਗਤ ਦੇ ਸਾਹਮਣੇ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਕਿ ਕਿਸ ਦੇ ਕਾਰਜਕਾਲ ਵਿਚ ਤਨਖਾਹ ਕਮਿਸ਼ਨ ਨੂੰ ਲੈ ਕੇ ਕੁਤਾਹੀਆਂ ਹੋਈਆਂ। ਜ਼ਿਕਰਯੋਗ ਹੈ ਕਿ ਸਰਨਾ ਭਰਾਵਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਆਗੂਆਂ ਉਪਰ ਸ਼ਬਦੀ ਹੱਲੇ ਬੋਲੇ ਜਾ ਰਹੇ ਹਨ। ਉਨ੍ਹਾਂ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਕਰਜ਼ੇ ਆਦਿ ਬਾਰੇ ਬਿਆਨ ਦਿੱਤੇ ਜਾ ਰਹੇ ਹਨ। ਸ੍ਰੀ ਕਾਹਲੋਂ ਨੇ ਦਿੱਲੀ ਦੇ ਸਿੱਖ ਆਡੀਟਰਾਂ, ਸੀਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਿੱਧਾ ਸੱਦਾ ਹੈ।
ਉਥੇ ਹੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਵੱਲੋਂ ਮੈਡੀਕਲ ਖੇਤਰ ਵਿਚ ਸੇਵਾਵਾਂ ਦਾ ਵਿਸਥਾਰ ਕਰਦਿਆਂ ਗੁਰੂ ਹਰਿਕ੍ਰਿਸ਼ਨ ਪੌਲੀਕਲੀਨਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੈਂਸਰ ਸਬੰਧੀ ਫੁੱਲ ਬਾਡੀ ਪੈਟ ਸਕੈਨ ਮਸ਼ੀਨ ਅਗਲੇ ਦੋ ਮਹੀਨਿਆਂ ਵਿਚ ਲਗਾਈ ਜਾ ਰਹੀ ਹੈ।
ਅੱਜ ਇਥੇ ਗੁਰੂ ਹਰਿਕ੍ਰਿਸ਼ਨ ਪੌਲੀਕਲੀਨਿਕ ਵਿਚ ਇਹ ਮਸ਼ੀਨ ਲਗਾਉਣ ਲਈ ਅਰਦਾਸ ਕਰਨ ਉਪਰੰਤ ਬਾਬਾ ਬਚਨ ਸਿੰਘ ਦੀ ਅਗਵਾਈ ਹੇਠ ਕਾਰ ਸੇਵਾ ਆਰੰਭੀ ਗਈ ਤੇ ਦੋ ਮਹੀਨਿਆਂ ਵਿਚ ਮਸ਼ੀਨ ਸਥਾਪਤ ਕਰਨ ਦੇ ਕਾਰਜ ਮੁਕੰਮਲ ਹੋਣਗੇ।
ਕਾਲਕਾ ਨੇ ਦੱਸਿਆ ਕਿ ਇਹ ਮਸ਼ੀਨ ਲਗਾਉਣ ਲਈ ਸਰਕਾਰ ਤੋਂ ਪ੍ਰਵਾਨਗੀਆਂ ਮਿਲ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦਾ ਨਾਂ ਪ੍ਰੀਮੀਅਮ ਪੈਟ ਸੀਟੀ ਸਕੈਨਰ ਵਿਦ ਲੇਜ਼ਰ ਹੈ। ਉਨ੍ਹਾਂ ਦੱਸਿਆ ਕਿ ਮਿਲੀ ਪ੍ਰਵਾਨਗੀ ਮੁਤਾਬਕ ਇਸ ਮਸ਼ੀਨ ਨਾਲ ਇਕ ਹਫ਼ਤੇ ਵਿਚ 120 ਮਰੀਜ਼ਾਂ ਦਾ ਚੈਕਅੱਪ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਤੇਜ਼ੀ ਨਾਲ ਰਿਪੋਰਟ ਦੇਵੇਗੀ, ਜਿਸ ਵਿਚ ਟੈਸਟ ਕਰਨ ਵਾਸਤੇ ਤਰੰਗਾਂ ਦੀ ਵਰਤੋਂ ਕੀਤੀ ਜਾਵੇਗੀ ਤੇ ਇਸ ਵਿਚ 16 ਸੀ ਟੀ ਸਕੈਨਰ ਲੱਗੇ ਹੋਏ ਹਨ ਤੇ ਇਹ ਪੂਰੀ ਬਾਡੀ ਨੂੰ ਸਕੈਨ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਟੈਕਨਾਲੌਜੀ ਵਿਚ ਹੋਈਆਂ ਤਬਦੀਲੀਆਂ ਤੇ ਪ੍ਰਦੂਸ਼ਣ ਵਿਚ ਹੋਏ ਚੋਖੇ ਵਾਧੇ ਕਾਰਨ ਕੈਂਸਰ ਕੇਸਾਂ ਵਿਚ ਨਿਰੰਤਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਟਾਕਰੇ ਤੇ ਇਲਾਜ ਵਾਸਤੇ ਹੀ ਇਹ ਮਸ਼ੀਨ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲਗਾਈ ਜਾ ਰਹੀ ਹੈ। ਪੌਲੀਕਲੀਨਿਕ ਵਿਚ ਪਹਿਲਾਂ ਹੀ ਸੀ ਟੀ ਸਕੈਨ, ਮੈਮੋਗ੍ਰਾਫੀ ਤੇ ਆਧੁਨਿਕ ਡਿਜੀਟਲ ਲੈਬ ਚੱਲ ਰਹੀ ਹੈ, ਜਿਸ ਰਾਹੀਂ ਮੈਡੀਕਲ ਸਹੂਲਤਾਂ ਸੰਗਤਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਵਿਚ ਮੁਫਤ ਡਾਇਲਸਿਸ ਦੀ ਸੇਵਾ ਚੱਲ ਰਹੀ ਹੈ, ਜਦੋਂਕਿ ਗੁਰੂ ਹਰਿਕ੍ਰਿਸ਼ਨ ਪੌਲੀਕਲੀਨਿਕ ਵਿਚ ਸਿਰਫ 50 ਰੁਪਏ ਨਾਲ ਸੀਟੀ ਸਕੈਨ ਕੀਤਾ ਜਾ ਰਿਹਾ ਹੈ।

Advertisement

Advertisement
Advertisement
Author Image

sukhwinder singh

View all posts

Advertisement