ਦਿੱਲੀ ਕੋਚਿੰਗ ਸੈਂਟਰ ਮਾਮਲਾ: ਪੁਲੀਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ
ਨਵੀਂ ਦਿੱਲੀ, 28 ਜੁਲਾਈ
ਇੱਥੋਂ ਦੇ ਆਈਏਐੱਸ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਵਿਦਿਆਰਥੀਆਂ ਵੱਲੋਂ ਅੱਜ ਰੋਸ ਜਤਾਇਆ ਜਾ ਰਿਹਾ ਸੀ। ਪੁਲੀਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਦੇ ਇੱਕ ਕੋਚਿੰਗ ਸੈਂਟਰ ’ਚ ਲੰਘੀ ਰਾਤ ਮੀਂਹ ਦਾ ਪਾਣੀ ਭਰਨ ਕਾਰਨ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਪ੍ਰੀਖਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸ਼੍ਰੇਆ ਯਾਦਵ ਵਾਸੀ ਅੰਬੇਦਕਰ ਨਗਰ, ਉੱਤਰ ਪ੍ਰਦੇਸ਼, ਤਾਨਿਆ ਸੋਨੀ ਵਾਸੀ ਤਿਲੰਗਾਨਾ ਤੇ ਏਰਨਾਕੁਲਮ (ਕੇਰਲਾ) ਦੇ ਨਵੀਨ ਦਾਲਵਿਨ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਰੋਹ ਵਿੱਚ ਆਏ ਵਿਦਿਆਰਥੀਆਂ ਨੇ ਅੱਜ ਕੋਚਿੰਗ ਸੈਂਟਰ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਖੁਲਾਸਾ ਕੀਤਾ ਕਿ ਉਹ ਦਸ ਦਿਨਾਂ ਤੋਂ ਵਾਰ-ਵਾਰ ਡਰੇਨ ਦੀ ਸਫ਼ਾਈ ਦੀ ਮੰਗ ਕਰ ਰਹੇ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਵਿਦਿਆਰਥੀਆਂ ਨੇ ਆਈਏਐੱਸ ਸਟੱਡੀ ਸਰਕਲ ਦੇ ਬਾਹਰ ਆਪਣਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰਾਤ ਵੇਲੇ ਹੀ ਇਮਾਰਤ ਕੋਲ ਡੇਰੇ ਲਾ ਲਏ ਸਨ ਤੇ ਅੱਜ ਵੀ ਉਹ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਖਿਲਾਫ਼ ਨਾਅਰੇ ਲਾਉਂਦੇ ਰਹੇ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।