ਦਿੱਲੀ ਕੋਚਿੰਗ ਹਾਦਸਾ: ਸੀਬੀਆਈ ਨੇ ਆਪਣੇ ਹੱਥਾਂ ਵਿੱਚ ਲਈ ਜਾਂਚ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਗਸਤ
ਸੀਬੀਆਈ ਨੇ ਇੱਥੇ ਓਲਡ ਰਾਜਿੰਦਰ ਨਗਰ ਵਿੱਚ ਇੱਕ ਕੋਚਿੰਗ ਸੈਂਟਰ ਵਿੱਚ ਸਿਵਲ ਸੇਵਾਵਾਂ ਦੇ ਤਿੰਨ ਉਮੀਦਵਾਰਾਂ ਦੀਆਂ ਮੌਤਾਂ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ ਅਤੇ ਇਸ ਸਬੰਧੀ ਸੰਸਥਾ ਦੇ ਮਾਲਕ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਮਗਰੋਂ ਇਸ ਮਾਮਲੇ ਦੀ ਜਾਂਚ ਦਿੱਲੀ ਪੁਲੀਸ ਤੋਂ ਆਪਣੇ ਹੱਥਾਂ ਵਿੱਚ ਲੈ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਵੱਲੋਂ ਤੈਅ ਪ੍ਰਕਿਰਿਆ ਤਹਿਤ ਰਾਓ ਦੇ ਆਈਏਐੱਸ ਸਟੱਡੀ ਸਰਕਲ ਦੇ ਮਾਲਕ ਅਭਿਸ਼ੇਕ ਗੁਪਤਾ ਖ਼ਿਲਾਫ਼ ਮੁੜ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਇੱਥੋਂ ਦੇ ਪੁਰਾਣੇ ਰਾਜਿੰਦਰ ਨਗਰ ਵਿੱਚ ਰਾਓ ਦੇ ਆਈਏਐੱਸ ਸਟੱਡੀ ਸਰਕਲ ਦੇ ਬੇਸਮੈਂਟ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ ਅਤੇ ਲਾਇਬਰੇਰੀ ਵਿੱਚ ਆਈਏਐੱਸ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਡੁੱਬਣ ਕਰਨ ਮੌਤ ਹੋ ਗਈ ਸੀ। ਸੀਬੀਆਈ ਨੇ ਇਸ ਸੰਸਥਾ ਦੇ ਮਾਲਕ ਗੁਪਤਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਈ ਕੋਰਟ ਨੇ ਵਿਦਿਆਰਥੀਆਂ ਦੀਆਂ ਮੌਤਾਂ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਝਾੜ-ਝੰਬ ਕੀਤੀ ਸੀ। ਅਦਾਲਤ ਨੇ ਕਿਹਾ ਕਿ ਕਿ ਸਮਝ ਤੋਂ ਪਰ੍ਹੇ ਹੈ ਕਿ ਵਿਦਿਆਰਥੀ ਬੇਸਮੈਂਟ ਵਿੱਚੋਂ ਬਾਹਰ ਕਿਉਂ ਨਹੀਂ ਆ ਸਕੇ।