For the best experience, open
https://m.punjabitribuneonline.com
on your mobile browser.
Advertisement

‘ਦਿੱਲੀ ਚੱਲੋ’ ਅੰਦੋਲਨ: ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ

07:12 AM Sep 01, 2024 IST
‘ਦਿੱਲੀ ਚੱਲੋ’ ਅੰਦੋਲਨ  ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ
ਸ਼ੰਭੂ ਬਾਰਡਰ ’ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ ਕਰਦੇ ਹੋਏ ਕਿਸਾਨ ਆਗੂ। -ਫੋਟੋ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਅਗਸਤ
ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ 13 ਫਰਵਰੀ ਦੇ ‘ਦਿੱਲੀ ਚੱਲੋ ਅੰਦੋਲਨ’ ਨੂੰ 200 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਧਰਨੇ ਵਾਲੀ ਥਾਂ ’ਤੇ ਅੱਜ ਹੋਏ ਵੱਡੇ ਇਕੱਠ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਭਲਕੇ ਯੂਪੀ, 15 ਨੂੰ ਜੀਂਦ ਅਤੇ 22 ਸਤੰਬਰ ਨੂੰ ਪਿਪਲੀ ਵਿੱਚ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਸ੍ਰੀ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ‘ਦਿੱਲੀ ਚੱਲੋ ਅੰਦੋਲਨ-1’ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਤਤਕਾਲੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਟੈਨੀ ਵੱਲੋਂ ਗੱਡੀ ਚਾੜ੍ਹ ਕੇ ਕਤਲ ਕੀਤੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ 3 ਅਕਤੂਬਰ ਨੂੰ ਦੇਸ਼ ਭਰ ਵਿੱਚ ਦੋ ਘੰਟੇ ਲਈ ‘ਰੇਲ ਰੋਕੋ ਅੰਦੋਲਨ’ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਦੋਵੇਂ ਮੋਰਚੇ ਸਾਂਝੀ ਕਨਵੈਨਸ਼ਨ ਕਰ ਕੇ ਚਰਚਾ ਕਰਨ ਮਗਰੋਂ ਅਗਲੇ ਐਕਸ਼ਨ ਦਾ ਐਲਾਨ ਕਰਨਗੇ। ਇੱਥੇ ਕਿਸਾਨ ਆਗੂਆਂ ਨੇ ਤਕਰੀਰਾਂ ਕਰਦਿਆਂ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ, ਉੱਥੇ ਹੀ ਹਰਿਆਣਾ ਦੀ ਭਾਜਪਾ ਸਰਕਾਰ ਨੂੰ ‘ਹਿੰਸਾਵਾਦੀ ਸਰਕਾਰ’ ਦਾ ਨਾਮ ਦਿੱਤਾ। ਇਸ ਵੇਲੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ। ਸ਼ੰਭੂ ਬਾਰਡਰ ’ਤੇ ਹਰਿਆਣਾ ਵਾਲੇ ਪਾਸੇ ਹਰਿਆਣਾ ਪੁਲੀਸ ਦੇ ਵੱਡੀ ਗਿਣਤੀ ਜਵਾਨ ਤਾਇਨਾਤ ਸਨ, ਜੇ ਕੋਈ ਪੱਤਰਕਾਰਾਂ ਜਾਂ ਕਿਸਾਨ ਉਸ ਪਾਸੇ ਜਾਂਦਾ ਸੀ ਤਾਂ ਉਸ ਨੂੰ ਉੱਥੋਂ ਪਿੱਛੇ ਹਟਣ ਲਈ ਕਿਹਾ ਜਾਂਦਾ ਸੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਅੰਦੋਲਨ ਵਿੱਚ ਸਿਹਤ, ਬਿਜਲੀ, ਪਾਣੀ ਤੇ ਸਫ਼ਾਈ ਆਦਿ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਰਹੀ, ਜਿਸ ਕਾਰਨ ਅੰਦੋਲਨਕਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਰੋਸ ਵਜੋਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇ ਕਿਸਾਨਾਂ ਲਈ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ 14 ਸਤੰਬਰ ਨੂੰ ਰਾਜਪੁਰਾ ਦਾ ਗਗਨ ਚੌਕ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਸਰਕਾਰ ਨੂੰ ਅਪੀਲ ਕਰਨ ਦੇ ਬਾਵਜੂਦ ਕੰਮ ਨਾ ਹੋਣ ਕਰ ਕੇ ਉਹ ਮਜਬੂਰ ਹਨ, ਇਸ ਵਾਸਤੇ ਸਰਕਾਰ ਸਮਾਂ ਰਹਿੰਦੇ ਮੁਸ਼ਕਲ ਦਾ ਹੱਲ ਕਰੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਪੰਧੇਰ ਨੇ ਕਿਹਾ ਕਿ ਹਰਿਆਣਾ ਵਿੱਚ ਵੋਟਾਂ ਪੈਣ ਵਾਲੀਆਂ ਹਨ ਤੇ ਉਹ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਜਦੋਂ ਵੀ ਵੋਟਰ ਵੋਟ ਪਾਉਣ ਜਾਵੇ ਤਾਂ ਸ਼ੁਭਕਰਨ ਸਿੰਘ ਸਣੇ 26 ਕਿਸਾਨਾਂ ਦੀ ਮੌਤ ਅਤੇ ਹੋਰ ਕਿਸਾਨਾਂ-ਮਜ਼ਦੂਰਾਂ ’ਤੇ ਭਾਜਪਾ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਬਾਰੇ ਵਿਚਾਰ ਕਰ ਕੇ ਵੋਟ ਪਾਵੇ। ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਕਿਹਾ, ‘ਡੀਏਪੀ ਖਾਦ ਦੇ ਸੈਂਪਲ ਫੇਲ੍ਹ ਹੋ ਗਏ ਹਨ। ਸਾਡੇ ਵਿਰੋਧ ਮਗਰੋਂ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਪਰ ਸਰਕਾਰ ਨੇ ਕਿਸੇ ਕੰਪਨੀ ’ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜੇ ਇਨ੍ਹਾਂ ਕੰਪਨੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ’ਚ ਸੰਘਰਸ਼ ਕੀਤਾ ਜਾਵੇਗਾ।’

Advertisement

ਖਨੌਰੀ ਬਾਰਡਰ ’ਤੇ ਅੰਦੋਲਨ ਦੇ 200 ਦਿਨ ਪੂਰੇ ਹੋਣ ’ਤੇ ਜੁੜੇ ਕਿਸਾਨ ।

ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਅੰਦੋਲਨ ਦੇ 200 ਦਿਨ ਪੂਰੇ ਹੋਣ ’ਤੇ ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਗਰਜਦਿਆਂ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 3 ਸਤੰਬਰ ਨੂੰ ਬਾਰਡਰਾਂ ’ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕੀਤੇ ਜਾਣਗੇ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਅੰਦੋਲਨ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਸਾਨਾਂ ਦੇ ਜਜ਼ਬੇ ਅਤੇ ਹੌਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸੰਦੋਹਾ, ਹਰਿਆਣਾ ਦੇ ਕਿਸਾਨ ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ ਔਲਖ, ਬਿਹਾਰ ਤੋਂ ਕਿਸਾਨ ਆਗੂ ਅਰੁਣ ਸਿਨਹਾ, ਸੁਰਜੀਤ ਸਿੰਘ ਭਾਦਸੋਂ ਤੇ ਕਾਕਾ ਸਿੰਘ ਕੋਟੜਾ ਨੇ ਕੇਂਦਰ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਡੱਲੇਵਾਲ ਨੇ ਕਿਹਾ ਕਿ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਨੇ ਲਗਾਤਾਰ ਕਿਸਾਨਾਂ ਨੂੰ ਬਦਨਾਮ ਕੀਤਾ ਹੈ। ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ, ਸਗੋਂ ਹਰਿਆਣਾ ਸਰਕਾਰ ਨੇ ਹੀ ਰਾਹ ਰੋਕੇ ਹੋਏ ਹਨ। ਉਨ੍ਹਾਂ ਕਿਹਾ ਕਿ ਬੇਤਹਾਸ਼ਾ ਤਸ਼ੱਦਦ ਹੋਣ ਦੇ ਬਾਵਜੂਦ ਕਿਸਾਨ ਅਮਨ-ਸ਼ਾਂਤੀ ਨਾਲ ਲੜਾਈ ਲੜ ਰਹੇ ਹਨ।

Advertisement

ਸ਼ੰਭੂ ਬਾਰਡਰ ਤੇ ਢਾਬੀ ਗੁੱਜਰਾਂ ਪੁੱਜੀ ਵਿਨੇਸ਼ ਫੋਗਾਟ

ਪਟਿਆਲਾ: ਪੈਰਿਸ ਓਲੰਪਿਕ ਖੇਡਾਂ ਦੇ ਫਾਈਨਲ ਕੁਸ਼ਤੀ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਅੱਜ ਪੰਜਾਬ-ਹਰਿਆਣਾ ਦੀ ਹੱਦ ਸ਼ੰਭੂ ਬਾਰਡਰ ਤੇ ਢਾਬੀ ਗੁੱਜਰਾਂ ’ਚ ਚੱਲ ਰਹੇ ਕਿਸਾਨ ਧਰਨਿਆਂ ਵਿੱਚ ਪਹੁੰਚੀ। ਇੱਥੇ ਕਿਸਾਨ ਆਗੂਆਂ ਨੇ ਮੰਚ ’ਤੇ ਵਿਨੇਸ਼ ਦਾ ਸਨਮਾਨ ਕੀਤਾ। ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ, ‘ਅੱਜ ਕਿਸਾਨਾਂ ਨੂੰ ਧਰਨੇ ’ਤੇ ਬੈਠੇ 200 ਦਿਨ ਹੋ ਗਏ ਹਨ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ। ਤੁਹਾਡੀ ਧੀ ਤੁਹਾਡੇ ਨਾਲ ਹੈ। ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤੇ ਇਹ ਸਭ ਸਿਆਸੀ ਨਹੀਂ ਹੈ। ਇਸ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ। ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਕਿ ਲਾਗੂ ਕੀਤੀਆਂ ਜਾਣ। ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।’ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦਿੱਤੇ ਜਾਣ ਦੇ ਸਵਾਲ ’ਤੇ ਵਿਨੇਸ਼ ਨੇ ਕਿਹਾ, ‘ਮੈਂ ਰਾਜਨੀਤੀ ਬਾਰੇ ਨਹੀਂ ਜਾਣਦੀ। ਮੈਨੂੰ ਰਾਜਨੀਤੀ ਦਾ ਐਨਾ ਗਿਆਨ ਨਹੀਂ ਹੈ। ਚੋਣਾਂ ਲੜਨ ਬਾਰੇ ਅਜੇ ਮੈਂ ਸੋਚਿਆ ਨਹੀਂ। ਮੈਂ ਆਪਣੇ ਪਰਿਵਾਰ ਕੋਲ ਆਈ ਹਾਂ। ਅੱਜ ਧਿਆਨ ਮੇਰੇ ’ਤੇ ਨਹੀਂ ਬਲਕਿ ਕਿਸਾਨਾਂ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ।’ ਵਿਨੇਸ਼ ਨੇ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਸੜਕਾਂ ’ਤੇ ਬੈਠੇ ਰਹੇ ਤਾਂ ਦੇਸ਼ ਤਰੱਕੀ ਨਹੀਂ ਕਰੇਗਾ।

Advertisement
Author Image

sukhwinder singh

View all posts

Advertisement