For the best experience, open
https://m.punjabitribuneonline.com
on your mobile browser.
Advertisement

ਦਿੱਲੀ ਚੱਲੋ: ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

08:22 AM Mar 03, 2024 IST
ਦਿੱਲੀ ਚੱਲੋ  ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ
ਖਨੌਰੀ ਬਾਰਡਰ ’ਤੇ ਟਰੈਕਟਰ-ਟਰਾਲੀਆਂ ਉਪਰ ਤਾਣੀਆਂ ਤਰਪਾਲਾਂ ’ਚੋ ਪਾਣੀ ਕੱਢਦੇ ਹੋਏ ਕਿਸਾਨ।
Advertisement

ਗੁਰਦੀਪ ਲਾਲੀ/ਹਰਜੀਤ ਸਿੰਘ/ਸਰਬਜੀਤ ਭੰਗੂ
ਸੰਗਰੂਰ/ਖਨੌਰੀ/ਪਟਿਆਲਾ, 2 ਮਾਰਚ
ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਨੂੰ ਭਾਵੇਂ ਅੱਜ ਸਵੇਰ ਤੋਂ ਹੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਸਮੱਸਿਆਵਾਂ ਨਾਲ ਜੂਝਣਾ ਪਿਆ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਅੱਜ ਤੜਕੇ ਤੋਂ ਹੀ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਤੇ ਤੇ ਤੇਜ਼ ਹਵਾਵਾਂ ਵਗਦੀਆਂ ਰਹੀਆਂ ਜਿਸ ਕਾਰਨ ਟਰਾਲੀਆਂ ਉਪਰ ਪਾਈਆਂ ਤਰਪਾਲਾਂ ’ਚੋ ਪਾਣੀ ਵੀ ਤਿਪਕਣ ਲੱਗਿਆ। ਕਈ ਤਰਪਾਲਾਂ ਤੇਜ਼ ਹਵਾਵਾਂ ਕਾਰਨ ਫ਼ਟ ਗਈਆਂ ਤੇ ਮੀਂਹ ’ਚ ਕਿਸਾਨਾਂ ਦਾ ਸਾਮਾਨ ਭਿੱਜ ਗਿਆ। ਹਾਲਾਤ ਭਾਵੇਂ ਕੁੱਝ ਵੀ ਹੋਣ ਪਰ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ੀ ਮੋਰਚੇ ’ਤੇ ਡਟੇ ਹੋਏ ਹਨ। ਅੱਜ ਵੀ ਕਿਸਾਨ ਟਰਾਲੀਆਂ ’ਚ ਬੈਠੇ ਵਿਚਾਰ-ਵਿਟਾਂਦਰਾ ਕਰਦੇ ਰਹੇ। ਕਿਸਾਨੀ ਅੰਦੋਲਨ ਲਈ ਕਿਸਾਨਾਂ ’ਚ ਉਤਸ਼ਾਹ ਤੇ ਜ਼ੋਸ ਹੈ।
ਸ਼ਾਮ ਨੂੰ ਗੱਲਬਾਤ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਖ਼ਰਾਬ ਮੌਸਮ ਦੌਰਾਨ ਟਰਾਲੀਆਂ ’ਚ ਰਹਿਣਾ ਸੌਖਾ ਨਹੀਂ ਹੈ। ਮੁਸ਼ਕਲ ਤੇ ਚੁਣੌਤੀ ਭਰੇ ਹਾਲਾਤ ਦੇ ਬਾਵਜੂਦ ਕਿਸਾਨ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਰਾਹ ਖੋਲ੍ਹੇਗੀ ਅਤੇ ਕਿਸਾਨਾਂ ਉਪਰ ਜਬਰ ਬੰਦ ਕਰੇਗੀ ਤਾਂ ਕਿਸਾਨ ਦਿੱਲੀ ਜ਼ਰੂਰ ਜਾਣਗੇ ਅਤੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਮੁੜਨਗੇ। ਉਨ੍ਹਾਂ ਕਿਹਾ ਕਿ ਭਲਕੇ 3 ਮਾਰਚ ਨੂੰ ਪਿੰਡ ਬੱਲ੍ਹੋ ਵਿੱਚ ਸ਼ੁਭਕਰਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਆਖ਼ ਰਹੀ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ ਪਰ ਗੱਲਬਾਤ ਲਈ ਮੀਟਿੰਗ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਵੀ ਭਲਕੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਕਿਸਾਨ ਆਗੂਆਂ ਇੰਦਰਜੀਤ ਸਿੰਘ ਕੋਟਬੁੱਢਾ, ਲਖਵਿੰਦਰ ਸਿੰਘ ਔਲਖ ਅਤੇ ਮਾਹਲ ਸਿੰਘ ਨੇ ਦਾਅਵਾ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਲੜ ਰਿਹਾ ਹੈ। ਉਸ ਦਾ ਚੋਣ ਲੜਨ ਵਾਲੀਆਂ ਜਥੇਬੰਦੀਆਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਸ਼ੰਭੂ ਬਾਰਡਰ ’ਤੇ ਹੋਈ ਅਹਿਮ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ ਹਨ ਜਿਸ ਦਾ ਐਲਾਨ ਭਲਕੇ 3 ਮਾਰਚ ਨੂੰ ਕੀਤਾ ਜਾਵੇਗਾ।

Advertisement

ਦੋਵੇਂ ਕਿਸਾਨ ਮੋਰਚਿਆਂ ਵਿਚਾਲੇ ਏਕੇ ਦੀ ਗੱਲ ਤੁਰੀ

ਪਟਿਆਲਾ (ਸਰਬਜੀਤ ਸਿੰਘ ਭੰਗੂ): ਦਿੱਲੀ ਕੂਚ ਦੇ ਸੱਦੇ ਹੇਠ ਪੰਜਾਬ ਦੀਆਂ ਹੱਦਾਂ ’ਤੇ ਲੜੇ ਜਾ ਰਹੇ ਸੰਘਰਸ਼ ਨੂੰ ਸਮੁੱਚੀਆਂ ਕਿਸਾਨ ਧਿਰਾਂ ਵੱਲੋਂ ਰਲ ਕੇ ਲੜਨ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਅਤੇ ਦਿੱਲੀ ਕੂਚ ਪ੍ਰੋਗਰਾਮ ਤੋਂ ਬਾਹਰ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਵਿਚਾਲੇ ਸਮਝੌਤੇ ਦੀ ਗੱਲ ਤੁਰ ਪਈ ਹੈ। ਇਸ ਸਬੰਧੀ ਘਨੌਰ ਵਿੱਚ ਦੋਵਾਂ ਮੋਰਚਿਆਂ ਦੇ ਪ੍ਰਮੁੱਖ ਆਗੂਆਂ ਵਿਚਾਲੇ ਇੱਕ ਉੱੱਚ ਪੱਧਰੀ ਬੰਦ ਕਮਰਾ ਮੀਟਿੰਗ ਹੋਈ। ਇਸ ਦੌਰਾਨ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ ਸਾਰੇ ਮੱਤਭੇਦ, ਵਖਰੇਵੇਂ ਅਤੇ ਗਿਲੇ-ਸ਼ਿਕਵੇ ਭੁਲਾ ਕੇ ਕਿਸਾਨੀ ਹਿੱਤਾਂ ਦੀ ਇਹ ਲੜਾਈ ਇਕੱਠੇ ਹੋ ਕੇ ਲੜਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ’ਚੋਂ ਸਰਵਣ ਸਿੰਘ ਪੰਧੇਰ ਅਤੇ ਕਾਕਾ ਸਿੰਘ ਕੋਟੜਾ ਸਮੇਤ ਕੁਝ ਹੋਰਨਾਂ ਨੇ ਸ਼ਿਰਕਤ ਕੀਤੀ ਜਦਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਜਿਹੀ ਗੱਲਬਾਤ ਲਈ ਕਾਇਮ ਕੀਤੀ ਗਈ ਛੇ ਮੈਂਬਰੀ ਕਮੇਟੀ ਦੇ ਮੈਂਬਰ ਵਜੋਂ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ‘ਪੰਜਾਬੀ ਟ੍ਰਿਬਿਊਨ’ ਨਾਲ ਹੋਈ ਗੱਲਬਾਤ ਦੌਰਾਨ ਜੋਗਿੰਦਰ ਉਗਰਾਹਾਂ ਨੇ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ 2020/21 ਦੇ ਸਾਂਝੇ ਦਿੱਲੀ ਘੋਲ ਦੌਰਾਨ ਅਪਣਾਈ ਗਈ ਪਹੁੰਚ ਅਤੇ ਇਸ ਦੀ ਜਿੱਤ ਦਾ ਤਜਰਬਾ ਅੱਜ ਮੁੜ ਇਕੱਠੇ ਹੋ ਕੇ ਸਾਂਝਾ ਸੰਘਰਸ਼ ਕਰਨ ਲਈ ਆਧਾਰ ਅਤੇ ਸੇਧ ਮੁਹੱਈਆ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀਆਂ ਮੰਗਾਂ ਅਤੇ ਹੋਰ ਮਸਲੇ ਸਾਂਝੇ ਹਨ। ਇਸ ਕਰਕੇ ਐੱਸਕੇਐੱਮ ਇਸ ਸੰਘਰਸ਼ ਨੂੰ ਦਿੱਲੀ ਘੋਲ ਦੀ ਤਰ੍ਹਾਂ ਹੀ ਸਾਂਝੀ ਲੜਾਈ ਵਜੋਂ ਲੜਨ ਲਈ ਤਿਆਰ ਹੈ। ਜੇ ਗੈਰ ਸਿਆਸੀ ਮੋਰਚੇ ਦੇ ਆਗੂ ਇਹ ਸੰਘਰਸ਼ ਤਾਲਮੇਲਵੇਂ ਰੂਪ ’ਚ ਲੜਨਾ ਚਾਹੁੰਦੇ ਹਨ ਤਾਂ ਐੱਸਕੇਐੱਮ ਉਵੇਂ ਵੀ ਤਿਆਰ ਹੈ। ਅੰਤ ਵਿੱਚ ਇਸ ਸੰਘਰਸ਼ ’ਚ ਇਕਜੁੱਟਤਾ ਸਬੰਧੀ ਐੱਸਕੇਐੱਮ ਵੱਲੋਂ ਸੁਝਾਏ ਗਏ ਅੱੱਠ ਨੁਕਾਤੀ ਮਤਿਆਂ ਦੀ ਕਾਪੀ ਜੋਗਿੰਦਰ ਉਗਰਾਹਾਂ ਅਤੇ ਸਾਥੀਆਂ ਵੱਲੋਂ ਸਰਵਣ ਪੰਧੇਰ ਅਤੇ ਟੀਮ ਨੂੰ ਸੌਂਪ ਦਿੱਤੀ ਗਈ। ਜੋਗਿੰਦਰ ਉਗਰਾਹਾਂ ਅਨੁਸਾਰ ਪੰਧੇਰ ਨੇ ਕਿਹਾ ਕਿ ਇਨ੍ਹਾਂ ਪ੍ਰਸਤਾਵਾਂ ਸਬੰਧੀ ਉਨ੍ਹਾਂ ਦੇ ਦੋਵੇਂ ਫੋਰਮ ਪਹਿਲਾਂ ਆਪੋ-ਆਪਣੇ ਫੋਰਮ ਦੇ ਆਗੂਆਂ ਤੇ ਵਰਕਰਾਂ ਨਾਲ ਵਿਚਾਰ-ਚਰਚਾ ਕਰਨਗੇ ਤੇ ਫਿਰ ਇਸ ਸਬੰਧੀ ਦੋਵਾਂ ਫੋਰਮਾਂ ਦੇ ਆਗੂ ਸਾਂਝੀ ਮੀਟਿੰਗ ਕਰਨਗੇ। ਇਸ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ।

Advertisement
Author Image

sukhwinder singh

View all posts

Advertisement
Advertisement
×