ਦਿੱਲੀ ਭਾਜਪਾ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਭਾਜਪਾ ਨੇ ਅੱਜ ਨਿਵੇਕਲੇ ਢੰਗ ਨਾਲ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਭਾਜਪਾ ਨੇ ਕੌਮੀ ਰਾਜਧਾਨੀ ਵਿੱਚ ਸੜਕਾਂ ਦੀ ਖਸਤਾ ਹਾਲਤ ਬਾਰੇ ਸ਼ੁਰੂ ਕੀਤੀ ਮੁਹਿੰਮ ਤਹਿਤ ਸੜਕਾਂ ਵਿੱਚ ਪਏ ਟੋਇਆਂ ’ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੱਟਆਊਟ ਲਾਏ। ਉਨ੍ਹਾਂ ਕਿਹਾ, ‘‘ਵਧਾਈਆਂ ਦਿੱਲੀ। ਇਹ ਕੱਟੜ ਭ੍ਰਿਸ਼ਟ ਸਰਕਾਰ ਦੁਆਰਾ ਪਾਏ ਟੋਏ ਹਨ’’। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ, ਕੌਂਸਲਰਾਂ ਅਤੇ ਨਾਲ ਅੱਜ ਵਰਕਰਾਂ ਦੇ ਨਾਲ ਸੜਕਾਂ ’ਤੇ ਉਤਰ ਆਏ ਅਤੇ ਦਿੱਲੀ ਵਿੱਚ ਸੈਂਕੜੇ ਥਾਵਾਂ ’ਤੇ ‘ਕੱਟਆਊਟ’ ਲਗਾਏ। ਦਿੱਲੀ ਭਾਜਪਾ ਪ੍ਰਧਾਨ ਨੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਆਦਿ ਦੀ ਮੌਜੂਦਗੀ ਵਿੱਚ ਖਾਰੀ ਬਾਉਲੀ, ਚਰਚ ਮਿਸ਼ਨ ਰੋਡ ਅਤੇ ਪੁਰਾਣੀ ਦਿੱਲੀ ਰੇਲਵੇ-ਸਟੇਸ਼ਨ ਰੋਡ ਦੀਆਂ ਸੜਕਾਂ ਦੀ ਮਾੜੀ ਹਾਲਤ ਦਾ ਖੁਲਾਸਾ ਕੀਤਾ। ਸਚਦੇਵਾ ਨੇ ਕਿਹਾ ਕਿ ਅੱਜ ‘ਆਪ’ ਸਰਕਾਰ ਦੀ 10 ਸਾਲਾਂ ਦੀ ਨਾਕਾਮੀ ਅਤੇ ਦਿੱਲੀ ਦੀਆਂ ਸੜਕਾਂ ’ਤੇ ਪਏ ਟੋਏ ਦਿਖਾਉਣ ਦਾ ਯਤਨ ਕੀਤਾ ਗਿਆ। ਵਰਿੰਦਰ ਸਚਦੇਵਾ ਨੇ ਕਿਹਾ ਕਿ ਇਹ 10 ਸਾਲ ਪੁਰਾਣੇ ਟੋਏ ਹਨ ਅਤੇ ਇਨ੍ਹਾਂ ਦੇ ਵਿਧਾਇਕ ਸੜਕਾਂ ਬਣਾਉਣ ਦੇ ਨਾਂ ’ਤੇ ਕਥਿਤ ਤੌਰ ’ਤੇ 35 ਫੀਸਦੀ ਤੱਕ ਕਮਿਸ਼ਨ ਮੰਗਦੇ ਹਨ। ਪੂਰੀ ਪੁਰਾਣੀ ਦਿੱਲੀ ਸਟੇਸ਼ਨ ਰੋਡ, ਚਰਚ ਮਿਸ਼ਨ ਰੋਡ, ਖਾਰੀ ਬਾਉਲੀ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ। ਸੰਸਦ ਮੈਂਬਰ ਮਨੋਜ ਤਿਵਾੜੀ, ਉੱਤਰ ਪੂਰਬੀ ਦਿੱਲੀ ਦੇ ਦੋਵੇਂ ਜ਼ਿਲ੍ਹਾ ਪ੍ਰਧਾਨਾਂ ਪੂਨਮ ਚੌਹਾਨ ਅਤੇ ਮਨੋਜ ਤਿਆਗੀ ਦੀ ਅਗਵਾਈ ਹੇਠ ਵਰਕਰਾਂ ਨੇ ਨਹਿਰੂ ਵਿਹਾਰ, ਬੁਰਾੜੀ ਅਤੇ ਵਜ਼ੀਰਾਬਾਦ ਰੋਡ ’ਤੇ ਪ੍ਰਦਰਸ਼ਨ ਕੀਤਾ ਅਤੇ ਟੋਇਆਂ ਨਾਲ ਭਰੀਆਂ ਸੜਕਾਂ ’ਤੇ ਕੱਟ ਆਊਟ ਲਗਾਏ। ਬਿਧੂੜੀ ਨੇ ਕਿਹਾ ਕਿ ਦਿੱਲੀ ਦੀਆਂ ਸੜਕਾਂ ਦੀ ਮਾੜੀ ਹਾਲਤ ਇੱਕ ਬਰਸਾਤ ਦਾ ਨੁਕਸਾਨ ਨਹੀਂ ਸਗੋਂ ਪਿਛਲੇ 10 ਸਾਲਾਂ ਵਿੱਚ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਵਿੱਚ ਹੋਏ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਯੋਗਿੰਦਰ ਚੰਦੋਲੀਆ ਨੇ ਸਥਾਨਕ ਕੌਂਸਲਰ ਗਜੇਂਦਰ ਅਤੇ ਵਰਕਰਾਂ ਦੇ ਨਾਲ ਮੁੰਡਕਾ ਵਿਖੇ ਸੜਕਾਂ ’ਤੇ ਪ੍ਰਦਰਸ਼ਨ ਕੀਤਾ।