ਦਿੱਲੀ ਭਾਜਪਾ ਵੱਲੋਂ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਪਰੈਲ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਉਸ ਨੂੰ ਕਿਸੇ ਨਜ਼ਦੀਕੀ ਰਾਹੀਂ ਭਾਜਪਾ ਵਿਚ ਸ਼ਾਮਲ ਕਰਵਾਉਣ ਦੇ ਦਾਅਵੇ ’ਤੇ ਜਨਤਕ ਤੌਰ ’ਤੇ ਮੁਆਫੀ ਮੰਗਣ ਲਈ ਕਿਹਾ ਹੈ। ਆਤਿਸ਼ੀ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਸਮੇਤ ‘ਆਪ’ ਦੇ ਚਾਰ ਸੀਨੀਅਰ ਆਗੂਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅਤਿਸ਼ੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਲਈ ਜਾਂ ਇੱਕ ਮਹੀਨੇ ਦੇ ਅੰਦਰ ਗ੍ਰਿਫਤਾਰ ਹੋਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਸੀ।
ਇੱਥੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਉਸ ਦੇ ਦਾਅਵੇ ਲਈ ਉਸ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਆਤਿਸ਼ੀ ਇਸ ਗੱਲ ਦਾ ਸਬੂਤ ਦੇਣ ਵਿੱਚ ਅਸਫਲ ਰਹੀ ਕਿ ਉਸ ਨਾਲ ਕਿਸ ਨੇ, ਕਦੋਂ ਅਤੇ ਕਿਵੇਂ ਸੰਪਰਕ ਕੀਤਾ। ‘ਆਪ’ ਦਿੱਲੀ ’ਚ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਉਹ ਨਿਰਾਸ਼ਾ ’ਚ ਆ ਕੇ ਅਜਿਹੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੀ ਹੈ ਪਰ ਅਸੀਂ ਉਸ ਨੂੰ ਭੱਜਣ ਨਹੀਂ ਦੇਵਾਂਗੇ।’’ ਸਚਦੇਵਾ ਨੇ ਆਤਿਸ਼ੀ ਨੂੰ ਆਪਣੇ ਦਾਅਵੇ ਸਾਬਤ ਕਰਨ ਲਈ ਆਪਣਾ ਫੋਨ ਜਾਂਚ ਏਜੰਸੀ ਨੂੰ ਸੌਂਪਣ ਲਈ ਕਿਹਾ।