ਯਮੁਨਾ ਦੇ ਪਾਣੀ ’ਚ ਡੁੱਬਣ ਲੱਗੀ ਦਿੱਲੀ, ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੇ ਦਫ਼ਤਰਾਂ ਵਾਲੇ ਸਕੱਤਰੇਤ ’ਚ ਪਾਣੀ ਭਰਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੁਲਾਈ
ਯਮੁਨਾ ਦੇ ਵਧਦੇ ਪੱਧਰ ਕਾਰਨ ਅੱਜ ਦਿੱਲੀ ਸਕੱਤਰੇਤ ਵਿੱਚ ਪਾਣੀ ਭਰ ਗਿਆ। ਇਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਕੈਬਨਿਟ ਅਤੇ ਹੋਰ ਸੀਨੀਅਰ ਨੌਕਰਸ਼ਾਹਾਂ ਦੇ ਨਿਵਾਸ-ਦਫ਼ਤਰ ਹਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਦਿੱਲੀ ਸਕੱਤਰੇਤ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਸਥਿਤੀ ਨੂੰ ਲੈ ਕੇ ਟ੍ਰੈਫਿਕ ਪੁਲੀਸ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਕਰ ਰਹੇ ਹਨ। ਰਾਜਘਾਟ ਤੋਂ ਦਿੱਲੀ ਸਕੱਤਰੇਤ ਨੂੰ ਜਾਣ ਵਾਲੀ ਸੜਕ ਵੀ ਪਾਣੀ ਨਾਲ ਭਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰੀ ਗੇਟ ਅਤੇ ਪੁਰਾਣੇ ਲੋਹੇ ਦੇ ਪੁਲ ਦੇ ਵਿਚਕਾਰ ਦੀ ਰਿੰਗ ਰੋਡ 'ਤੇ ਪਾਣੀ ਭਰ ਗਿਆ ਅਤੇ ਉੱਥੇ ਆਵਾਜਾਈ ਠੱਪ ਕਰ ਦਿੱਤੀ ਗਈ। ਗੀਤਾ ਕਲੋਨੀ ਵਿਚਲਾ ਸ਼ਮਸ਼ਾਨਘਾਟ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਯਮੁਨਾ ਦਾ ਪਾਣੀ ਦਾ ਪੱਧਰ ਅੱਜ ਸਵੇਰੇ 208.48 ਮੀਟਰ ਤੱਕ ਵੱਧ ਗਿਆ, ਜਿਸ ਨਾਲ ਨੇੜਲੀਆਂ ਸੜਕਾਂ, ਜਨਤਕ ਅਤੇ ਨਿੱਜੀ ਬੁਨਿਆਦੀ ਢਾਂਚਾ ਡੁੱਬ ਗਿਆ ਅਤੇ ਨਦੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।