ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ
ਨਵੀਂ ਦਿੱਲੀ, 7 ਜਨਵਰੀ
ਚੋਣ ਕਮਿਸ਼ਨ ਨੇ ਕੌਮੀ ਰਾਜਧਾਨੀ ਦਿੱਲੀ ’ਚ ਵਿਧਾਨ ਸਭਾ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 70 ਮੈਂਬਰੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ ਨੂੰ ਪੈਣਗੀਆਂ ਅਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ’ਚ ‘ਆਪ’, ਭਾਜਪਾ ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ। ਸਾਲ 2020 ਦੀਆਂ ਚੋਣਾਂ ’ਚ ‘ਆਪ’ ਨੇ 62 ਅਤੇ ਭਾਜਪਾ ਨੇ 8 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਇਸ ਦੇ ਨਾਲ ਦੋ ਵਿਧਾਨ ਸਭਾ ਹਲਕਿਆਂ ਤਾਮਿਲ ਨਾਡੂ ਦੇ ਇਰੋਡ ਅਤੇ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ’ਚ ਜ਼ਿਮਨੀ ਚੋਣਾਂ ਲਈ ਵੋਟਾਂ ਵੀ 5 ਫਰਵਰੀ ਨੂੰ ਹੀ ਪੈਣਗੀਆਂ। ਜੰਮੂ ਕਸ਼ਮੀਰ ’ਚ ਠੰਢ ਜ਼ਿਆਦਾ ਹੋਣ ਕਾਰਨ ਦੋ ਹਲਕਿਆਂ ਬਡਗਾਮ ਅਤੇ ਨਗਰੋਟਾ ’ਚ ਜ਼ਿਮਨੀ ਚੋਣਾਂ ਦਾ ਬਾਅਦ ’ਚ ਐਲਾਨ ਕੀਤਾ ਜਾਵੇਗਾ।
ਦਿੱਲੀ ’ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਆਖਰੀ ਤਰੀਕ 17 ਜਨਵਰੀ ਹੈ। ਅਗਲੇ ਦਿਨ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰ 20 ਜਨਵਰੀ ਤੱਕ ਕਾਗਜ਼ ਵਾਪਸ ਲੈ ਸਕਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, ‘‘ਦਿੱਲੀ ’ਚ ਇਕੋ ਗੇੜ ’ਚ ਵੋਟਾਂ ਪੈਣਗੀਆਂ। ਅਸੀਂ ਜਾਣਬੁੱਝ ਕੇ ਵੋਟਿੰਗ ਦਾ ਦਿਨ ਬੁੱਧਵਾਰ ਰੱਖਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਿਕਲਣ। ਅਸੀਂ ਮਹਾਰਾਸ਼ਟਰ ’ਚ ਵੀ ਇੰਜ ਹੀ ਕੀਤਾ ਸੀ। ਪੂਰਾ ਚੋਣ ਅਮਲ 10 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ।’’ ਦਿੱਲੀ ਦੀਆਂ 70 ਸੀਟਾਂ ’ਚੋਂ 58 ਜਨਰਲ ਅਤੇ 12 ਰਾਖਵੀਆਂ ਹਨ। ਚੋਣ ਸੂਚੀ ਮੁਤਾਬਕ ਦਿੱਲੀ ’ਚ ਕੁੱਲ 1.55 ਕਰੋੜ ਵੋਟਰ ਹਨ ਜਿਨ੍ਹਾਂ ’ਚ 83.49 ਲੱਖ ਪੁਰਸ਼, 71.74 ਲੱਖ ਔਰਤਾਂ ਅਤੇ 1,261 ਟਰਾਂਸਜੈਂਡਰ ਸ਼ਾਮਲ ਹਨ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 25.89 ਲੱਖ ਨੌਜਵਾਨ ਵੋਟਰ ਹਨ। ਇਸ ਤੋਂ ਇਲਾਵਾ 2.08 ਲੱਖ ਵੋਟਰ ਪਹਿਲੀ ਵਾਰ ਆਪਣੇ ਵੋਟਿੰਗ ਹੱਕ ਦੀ ਵਰਤੋਂ ਕਰਨਗੇ। ਦਿੱਲੀ ’ਚ 100 ਸਾਲ ਤੋਂ ਵਧ ਉਮਰ ਵਾਲੇ 830 ਵੋਟਰ ਵੀ ਹਨ। ਉਨ੍ਹਾਂ ਕਿਹਾ ਕਿ ਵੋਟਿੰਗ ਲਈ 13,000 ਤੋਂ ਵਧ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਸ੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਬਡਗਾਮ ਅਤੇ ਨਗਰੋਟਾ ’ਚ ਵੀ ਜ਼ਿਮਨੀ ਚੋਣਾਂ ਤੈਅ ਹਨ ਪਰ ਉਥੇ ਬਰਫ਼ਬਾਰੀ ਅਤੇ ਠੰਢ ਦੇ ਮੌਸਮ ਕਾਰਨ ਚੋਣਾਂ ਬਾਅਦ ’ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਥੇ ਚੋਣਾਂ ਕਰਾਉਣ ਲਈ ਅਪਰੈਲ ਤੱਕ ਦਾ ਸਮਾਂ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਬਸ਼ੀਰਹਾਟ ਅਤੇ ਗੁਜਰਾਤ ਦੇ ਵਿਸਾਵਦਰ ਲੋਕ ਸਭਾ ਹਲਕਿਆਂ ’ਚ ਵੀ ਵੋਟਾਂ ਪੈਣੀਆਂ ਹਨ ਪਰ ਚੋੋਣ ਪਟੀਸ਼ਨਾਂ ਬਕਾਇਆ ਹੋਣ ਕਰਕੇ ਉਹ ਉਥੇ ਜ਼ਿਮਨੀ ਚੋਣ ਨਹੀਂ ਕਰਵਾ ਸਕਦੇ ਹਨ। -ਪੀਟੀਆਈ
ਮਹਿਲਾ ਵਿਰੋਧੀ ਟਿੱਪਣੀਆਂ ਤੋਂ ਗੁਰੇਜ਼ ਕਰਨ ਦੀ ਹਦਾਇਤ
ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਹਿਲਾ ਵਿਰੋਧੀ ਟਿੱਪਣੀਆਂ ਤੋਂ ਗੁਰੇਜ਼ ਕਰਨ ਅਤੇ ਬੱਚਿਆਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਜਾਵੇ। ਭਾਜਪਾ ਆਗੂ ਰਮੇਸ਼ ਬਿਧੂੜੀ ਵੱਲੋਂ ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਖ਼ਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਬਾਰੇ ਇਕ ਪੱਤਰਕਾਰ ਦੇ ਸਵਾਲ ਪੁੱਛਣ ’ਤੇ ਰਾਜੀਵ ਕੁਮਾਰ ਨੇ ਕਿਹਾ, ‘‘ਚੋਣ ਕਮਿਸ਼ਨ ਇਹ ਯਕੀਨੀ ਬਣਾਏਗਾ ਕਿ ਜਦੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਵੇ ਤਾਂ ਮਹਿਲਾਵਾਂ ਖ਼ਿਲਾਫ਼ ਟਿੱਪਣੀਆਂ ਨਾ ਕੀਤੀਆਂ ਜਾਣ। ਅਸੀਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੱਚਿਆਂ ਨੂੰ ਚੋਣ ਪ੍ਰਚਾਰ ’ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਚੋਣ ਕਮਿਸ਼ਨ ਵਧ ਤੋਂ ਵਧ ਔਰਤਾਂ ਨੂੰ ਬੂਥਾਂ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਮਾਵਾਂ ਤੇ ਭੈਣਾਂ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਨਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਹਾਲੀਆ ਚੋਣਾਂ ਦੌਰਾਨ ਕੁਝ ਹੈਲੀਕਾਪਟਰਾਂ ਦੀ ਚੈਕਿੰਗ ’ਤੇ ਰੌਲਾ ਪਿਆ ਸੀ ਅਤੇ ਆਗੂਆਂ ਨੇ ਪੋਲਿੰਗ ਅਧਿਕਾਰੀਆਂ ਨੂੰ ਧਮਕੀਆਂ ਵੀ ਦਿੱਤੀਆਂ ਸਨ ਪਰ ਚੋਣ ਕਮਿਸ਼ਨ ਧਨ ਰਹਿਤ ਚੋਣਾਂ ਯਕੀਨੀ ਬਣਾਏਗਾ। -ਪੀਟੀਆਈ
ਈਵੀਐੱਮਜ਼ ਵਿੱਚ ਗੜਬੜੀਆਂ ਦੇ ਦੋਸ਼ ਚੋਣ ਕਮਿਸ਼ਨ ਨੇ ਨਕਾਰੇ
ਨਵੀਂ ਦਿੱਲੀ (ਟਨਸ): ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਵੱਲੋਂ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ਗੜਬੜੀ, ਵੋਟਰ ਸੂਚੀਆਂ ਨਾਲ ਛੇੜਖਾਨੀ ਅਤੇ ਵੋਟ ਫ਼ੀਸਦ ’ਚ ਬੇਨਿਯਮੀਆਂ ਦੇ ਲਾਏ ਗਏ ਦੋਸ਼ਾਂ ਨੂੰ ਅੱਜ ਚੋਣ ਕਮਿਸ਼ਨ ਨੇ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪੂਰੇ ਚੋਣ ਅਮਲ ’ਚ ਮੁਕੰਮਲ ਪਾਰਦਰਸ਼ਿਤਾ ਵਰਤੀ ਜਾਂਦੀ ਹੈ ਅਤੇ ਅਜਿਹੀ ਕਿਸੇ ਵੀ ਗੜਬੜੀ ਦੀ ਕੋਈ ਸੰਭਾਵਨਾ ਨਹੀਂ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਹਾਲੀਆ ਚੋਣ ਨੇਮਾਂ ’ਚ ਸੋਧ ਦਾ ਪੱਖ ਪੂਰਦਿਆਂ ਕਿਹਾ ਕਿ ਵੋਟਰਾਂ ਦੀ ਨਿੱਜਤਾ ਦੀ ਰਾਖੀ ਅਤੇ ਸੀਸੀਟੀਵੀ ਫੁਟੇਜ ਦੀ ਦੁਰਵਰਤੋਂ ਰੋਕਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਚੋਣ ਵਿਹਾਰ ਨੇਮ, 1961 ’ਚ ਸੋਧ ਬਾਰੇ ਪਹਿਲੀ ਟਿੱਪਣੀ ਦਿੰਦਿਆਂ ਰਾਜੀਵ ਕੁਮਾਰ ਨੇ ਕਿਹਾ ਕਿ ਸਿਰਫ਼ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਦੀ ਸੀਸੀਟੀਵੀ ਫੁਟੇਜ ਸਾਂਝੀ ਕਰਨ ’ਤੇ ਰੋਕ ਲਾਈ ਗਈ ਹੈ। ਦਿੱਲੀ ਚੋਣਾਂ ਦੇ ਐਲਾਨ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਅਜਿਹੇ ਡੇਟਾ ਜਾਂ ਫੁਟੇਜ ਦੀ ਜਨਤਕ ਪੜਤਾਲ ’ਤੇ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਚੋਣ ਵਿਹਾਰ ਨੇਮਾਂ ਦੀ ਧਾਰਾ 93 ਤਹਿਤ ਹੋਰ ਦਸਤਾਵੇਜ਼ ਘੋਖੇ ਜਾ ਸਕਣਗੇ।