Delhi Assembly Elections: ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਦੀ ਤਾਰੀਖ ਦਾ ਐਲਾਨ
ਨਵੀਂ ਦਿੱਲੀ, 7 ਜਨਵਰੀ
ਮੁੱਖ ਚੋਣ ਅਧਿਕਾਰੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਾਰੀਖ਼ਾਂ ਦਾ ਐਲਾਨ ਕੀਤਾ ਹੈ। ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਵੋਟਾਂ 5 ਫਰਵਰੀ 2024 ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਲਈ 8 ਫਰਵਰੀ 2024 ਤੈਅ ਕੀਤੀ ਗਈ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਚੋਣਾਂ ਵਿਚ ਰੁਚੀ ਰੱਖਣ ਵਾਲਿਆਂ ਕੋਲ ਇਕ ਮਹੀਨੇ ਦਾ ਸਮਾਂ ਹੈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਮਰਿਆਦਾ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਜਾਂਚ ਕਰੇਗਾ। ਕੁਮਾਰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਕੁਮਾਰ ਨੇ ਕਿਹਾ, "ਅਸੀਂ ਪੈਸੇ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਦੀ ਜਾਂਚ ਕਰਾਂਗੇ। ਹਾਲ ਹੀ ਦੀਆਂ ਚੋਣਾਂ ਦੌਰਾਨ ਰੌਲਾ ਪਾਇਆ ਗਿਆ ਕਿ ਕੁਝ ਹੈਲੀਕਾਪਟਰਾਂ ਦੀ ਜਾਂਚ ਕੀਤੀ ਗਈ। ਲੋਕ ਪੋਲਿੰਗ ਅਫਸਰਾਂ ਨੂੰ ਧਮਕੀਆਂ ਤੱਕ ਵੀ ਦਿੰਦੇ ਹਨ।
ਉਨ੍ਹਾਂ ਕਿਹਾ, ‘‘ਸਟਾਰ ਪ੍ਰਚਾਰਕਾਂ ਅਤੇ ਸਿਆਸੀ ਪ੍ਰਚਾਰ ਕਰਨ ਵਾਲਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਸ਼ਿਸ਼ਟਾਚਾਰ ਦੀ ਪਾਲਣਾ ਕੀਤੀ ਜਾਵੇ, ਅਸੀਂ ਬਹੁਤ ਸਖ਼ਤ ਹੋਵਾਂਗੇ। ਸਟਾਰ ਪ੍ਰਚਾਰਕਾਂ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਆਮ ਵੋਟਰਾਂ ਨੂੰ ਨਿਰਾਸ਼ ਕੀਤਾ ਜਾਵੇ।’’
ਜ਼ਿਕਰਯੋਗ ਹੈ ਕਿ ਦੋ ਵਿਧਾਨ ਸਭਾ ਹਲਕਿਆਂ - ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਅਤੇ ਤਾਮਿਲਨਾਡੂ ਦੇ ਇਰੋਡ ਲਈ ਵੀ ਜ਼ਿਮਨੀ ਚੋਣਾਂ ਉਸੇ ਮਿਤੀ ਨੂੰ ਹੋਣਗੀਆਂ। ਪੀਟੀਆਈ