ਦਿੱਲੀ ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਅੱਜ ਇੱਥੇ ਕਾਂਗਰਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਕਾਂਗਰਸ ਪਾਰਟੀ ਨੇ ਚੋਣ ਮਨੋਰਥ ਪੱਤਰ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਰਨਾਟਕ ਚੋਣਾਂ ਵਿੱਚ ਗਾਰੰਟੀ ਸ਼ਬਦ ਦੀ ਵਰਤੋਂ ਕੀਤੀ ਹੈ। ਅੱਜ ਹਰ ਕੋਈ ਇਸ ਦੀ ਵਰਤੋਂ ਕਰ ਰਿਹਾ ਹੈ। ਕਾਂਗਰਸ ਪਾਰਟੀ ਨੇ ਪੰਜ ਗਾਰੰਟੀਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਕਾਰਨ ਪ੍ਰਦੂਸ਼ਣ ਵਧਿਆ ਹੈ ਜਦਕਿ ‘ਆਪ’ ਸਰਕਾਰ ਨੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਮੁਫ਼ਤ, ਔਰਤਾਂ ਨੂੰ 2500 ਰੁਪਏ ਤੇ ਨੌਜਵਾਨਾਂ ਨੂੰ 8500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਪਾਰਟੀ ਆਗੂਆਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ ਸਾਰੀਆਂ ਗਾਰੰਟੀਆਂ ਪੂਰੀਆਂ ਕਰਨਗੇ। ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਸ਼ੀਲਾ ਸਰਕਾਰ ਨੇ ਯਮੁਨਾ ਬਚਾਓ ਯੋਜਨਾ ਸ਼ੁਰੂ ਕੀਤੀ ਸੀ। ਇਸ ਮੈਨੀਫੈਸਟੋ ਵਿੱਚ ਵੀਹ ਵਾਅਦੇ ਹਨ। ਕਾਂਗਰਸ ਪਾਰਟੀ ਵੱਲੋਂ ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਭਾਵਨਾ ਦੇ ਆਧਾਰ ‘ਤੇ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ। ਦਿੱਲੀ ਪ੍ਰਦੇਸ਼ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਕਾਂਗਰਸ ਪਾਰਟੀ ਦਿੱਲੀ ਨੂੰ ਸੁੰਦਰ ਬਣਾਉਣਾ ਚਾਹੁੰਦੀ ਹੈ। ਸਾਰੇ ਵਰਗਾਂ ਦੀਆਂ ਭਾਵਨਾਵਾਂ ਨੂੰ ਜਾਣਨਾ ਹੋਵੇਗਾ। ਇਸ ਮੌਕੇ ਦਿੱਲੀ ਕਾਂਗਰਸ ਦੇ ਸੂਬਾਈ ਪ੍ਰਧਾਨ ਦੇਵੇਂਦਰ ਯਾਦਵ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਡਿਫੈਂਸ ਨੂੰ ਪੰਦਰਾਂ ਹਜ਼ਾਰ ਰੁਪਏ ਦਿੱਤੇ ਜਾਣਗੇ। ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ, ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਸਮਾਜਿਕ ਪੈਨਸ਼ਨ ਢਾਈ ਹਜ਼ਾਰ ਤੋਂ ਵਧਾ ਕੇ ਪੰਜ ਹਜ਼ਾਰ ਕੀਤੀ ਜਾਵੇਗੀ। ਵਿਧਵਾ ਦੀ ਧੀ ਦੇ ਵਿਆਹ ਲਈ ਮਦਦ ਦਿੱਤੀ ਜਾਵੇਗੀ। ਸੌ ਇੰਦਰਾ ਕੰਟੀਨਾਂ ਖੋਲ੍ਹੀਆਂ ਜਾਣਗੀਆਂ। ਜਿੱਥੇ ਪੰਜ ਰੁਪਏ ਵਿੱਚ ਖਾਣਾ ਦਿੱਤਾ ਜਾਵੇਗਾ। ਆਉਣ ਵਾਲੇ ਸਾਲ ਵਿੱਚ ਸਾਢੇ ਸੱਤ ਲੱਖ ਪਰਿਵਾਰਾਂ ਨੂੰ ਸਨਮਾਨਜਨਕ ਰੁਜ਼ਗਾਰ ਮਿਲੇਗਾ।
ਛੱਠ ਪੂਜਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ: ਯਾਦਵ
ਕਾਂਗਰਸ ਦੇ ਸੂਬਾਈ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਬਣਨ ’ਤੇ ਦਿੱਲੀ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਸੱਚਰ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ ਅਤੇ ਛਠ ਪੂਜਾ ’ਤੇ ਪੂਰਵਾਂਚਲ ਦੇ ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਪੂਰਵਾਂਚਲ ਮੰਤਰਾਲਾ ਦਿੱਲੀ ਵਿੱਚ ਪੂਰਵਾਂਚਲੀਆਂ ਲਈ ਖੋਲ੍ਹਿਆ ਜਾਵੇਗਾ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।