ਦਿੱਲੀ ਵਿਧਾਨ ਸਭਾ ਚੋਣਾਂ: ਕਾਲਕਾਜੀ ਹਲਕੇ ’ਚ ਆਤਿਸ਼ੀ ਖਿ਼ਲਾਫ਼ ਅਲਕਾ ਲਾਂਬਾ ਨਿੱਤਰੀ
ਨਵੀਂ ਦਿੱਲੀ, 3 ਜਨਵਰੀ
ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਵਿਧਾਨਸਭਾ ਹਲਕਾ ਕਾਲਕਾਜੀ ਤੋਂ ਅਲਕਾ ਲਾਂਬਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਆਗੂ ਅਤੇ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਚੋਣ ਲੜੇਗੀ। ਅਗਲੇ ਮਹੀਨੇ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਸਿਰਫ਼ ਇੱਕ ਉਮੀਦਵਾਰ ਦਾ ਨਾਂ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਮੁਤਾਬਕ ਕੇਂਦਰੀ ਚੋਣ ਕਮੇਟੀ ਨੇ ਕਾਲਕਾਜੀ ਤੋਂ ਲਾਂਬਾ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲਾਂਬਾ, ਜੋ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੀ ਮੁਖੀ ਹੈ। ਉਨ੍ਹਾਂ ਨੇ ਸਾਲ 2015 ਵਿੱਚ ਚਾਂਦਨੀ ਚੌਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਉਹ ਸਤੰਬਰ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਈ ਸੀ। ਅਲਕਾ ਲਾਂਬਾ ਹੋਣ ਕਾਲਕਾਜੀ ਹਲਕੇ ਆਤਿਸ਼ੀ ਨੂੰ ਟੱਕਰ ਦੇਵੇਗੀ। ਕਾਂਗਰਸ ਨੇ 70 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਲਈ ਕੁੱਲ 47 ਉਮੀਦਵਾਰਾਂ ਦਾ ਐਲਾਨ ਕਰਦਿਆਂ ਆਪਣੀਆਂ ਦੋ ਸੂਚੀਆਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਲਈ ਆਪਣੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। -ਪੀਟੀਆਈ