ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗੀ, ਇੱਕ ਹਲਾਕ
* ਦਿੱਲੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭੀ
ਪੀਟੀਆਈ/ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਕੌਮੀ ਰਾਜਧਾਨੀ ’ਚ ਭਾਰੀ ਮੀਂਹ ਕਾਰਨ ਅੱਜ ਤੜਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਦਾ ਇੱਕ ਹਿੱਸਾ ਵਾਹਨਾਂ ’ਤੇ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ (45) ਵਜੋਂ ਹੋਈ ਹੈ। ਉਹ ਟੈਕਸੀ ਡਰਾਈਵਰ ਸੀ ਤੇ ਦਿੱਲੀ ਦੇ ਰੋਹਿਣੀ ਦਾ ਰਹਿਣ ਵਾਲਾ ਸੀ। ਇਸ ਘਟਨਾ ਕਾਰਨ ਹਵਾਈ ਸੇਵਾ ਮੁਲਤਵੀ ਕਰਨੀ ਪਈ। ਇਸ ਦੌਰਾਨ ਦਿੱਲੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਇਸੇ ਦੌਰਾਨ ਸਰਕਾਰ ਨੇ ਮਿ੍ਰਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 3-3 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਉਹ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੜਕੇ ਤਕਰੀਬਨ ਸਾਢੇ ਪੰਜ ਵਜੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਹਵਾਈ ਅੱਡੇ ਦੇ ਟਰਮੀਨਲ-1 ’ਤੇ ਭੇਜੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਛੱਤ ਤੋਂ ਇਲਾਵਾ ਸਹਾਰਾ ਦੇਣ ਲਈ ਲਾਏ ਗਏ ਖੰਭੇ ਵੀ ਡਿੱਗ ਗਏ ਜਿਸ ਕਾਰਨ ਟਰਮੀਨਲ ਦੇ ‘ਪਿੱਕ ਅਪ ਤੇ ਡਰਾਪ ਏਰੀਆ’ ’ਚ ਖੜ੍ਹੀਆਂ ਕਈ ਕਾਰਾਂ ਨੁਕਸਾਨੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੇਦਾਂਤਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਵਾਪਰੇ ਹਾਦਸੇ ਮਗਰੋਂ ਇੱਥੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਉਸ਼ਾ ਰੰਗਨਾਨੀ ਨੇ ਦੱਸਿਆ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੇ ਬਾਹਰ ਵਾਲਾ ਸ਼ੈੱਡ ਡਿੱਗਣ ਕਾਰਨ ਚਾਰ ਵਾਹਨ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਛੇ ਜਣੇ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ, ਫਾਇਰ ਬ੍ਰਿਗੇਡ, ਸੀਆਈਐੱਸਐੱਫ ਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਮੌਜੂਦਾ ਹਨ। ਜ਼ਖ਼ਮੀਆਂ ਦੀ ਪਛਾਣ ਸੰਤੋਸ਼ ਕੁਮਾਰ ਯਾਦਵ (28), ਸ਼ੁਭਮ ਸ਼ਾਹ (30), ਦਸ਼ਰਤ ਅਹੀਰਵਾਰ (25), ਅਰਵਿੰਦ ਗੋਸਵਾਮੀ (34), ਸਾਹਿਲ ਕੁੰਦਨ (27) ਅਤੇ ਯੋਗੇਸ਼ ਧਵਨ (44) ਵਜੋਂ ਹੋਈ ਹੈ। ਇਹ ਸਾਰੇ ਦਿੱਲੀ, ਗੁਜਰਾਤ ਤੇ ਮੱਧ ਪ੍ਰਦੇਸ਼ ਨਾਲ ਸਬੰਧਤ ਹਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਮੈਂ ਨਿੱਜੀ ਤੌਰ ’ਤੇ ਦਿੱਲੀ ’ਚ ਹਵਾਈ ਅੱਡੇ ਦੇ ‘ਟੀ-1’ ਦੀ ਛੱਤ ਦਾ ਇੱਕ ਹਿੱਸਾ ਡਿੱਗਣ ਦੀ ਘਟਨਾ ਦੀ ਨਿਗਰਾਨੀ ਕਰ ਰਿਹਾ ਹਾਂ। ਘਟਨਾ ਸਥਾਨ ’ਤੇ ਬਚਾਅ ਕਰਮੀ ਕੰਮ ਕਰ ਰਹੇ ਹਨ। ਨਾਲ ਹੀ ਹਵਾਈ ਸੇਵਾਵਾਂ ਨੂੰ ਟੀ-1 ’ਤੇ ਸਾਰੇ ਪ੍ਰਭਾਵਿਤ ਮੁਸਾਫਰਾਂ ਦੀ ਮਦਦ ਕਰਨ ਦੀ ਸਲਾਹ ਦਿੱਤੀ ਗਈ ਹੈ।’ ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹਨ।
ਸਾਰੇ ਹਵਾਈ ਅੱਡਿਆਂ ਦੀ ਢਾਂਚਾਗਤ ਮਜ਼ਬੂਤੀ ਦੀ ਜਾਂਚ ਦੇ ਹੁਕਮ
ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ’ਤੇ ਟਰਮੀਨਲ ਇਕ ਦੀ ਛੱਤ ਦਾ ਕੁਝ ਹਿੱਸਾ ਡਿੱਗਣ ਦੀ ਘਟਨਾ ਮਗਰੋਂ ਸਰਕਾਰ ਨੇ ਅੱਜ ਦੇਸ਼ ਦੇ ਸਾਰੇ ਹਵਾਈ ਅੱਡਿਆਂ ਦੀ ਢਾਂਚਾਗਤ ਮਜ਼ਬੂਤੀ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਨੇ ਕਿਹਾ ਕਿ ਅੱਜ ਦੇ ਹਾਦਸੇ ਮਗਰੋਂ ਇੰਡੀਗੋ ਤੇ ਸਪਾਈਸਜੈੱਟ ਨੇ ਟਰਮੀਨਲ ਇਕ ਤੋਂ ਚੱਲਣ ਵਾਲੀਆਂ 100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਦੀ ਅਗਵਾਈ ਵਿਚ ਹੋਈ ਨਜ਼ਰਸਾਨੀ ਬੈਠਕ ਦੌਰਾਨ ਟਰਮੀਨਲ 2 ਤੇ ਟਰਮੀਨਲ 3 ਵਿਚ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ 24X7 ਵਾਰ ਰੂਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਬੈਠਕ ਦੌਰਾਨ ਭਾਰਤੀ ਏਅਰਪੋਰਟ ਅਥਾਰਿਟੀ (ਏਏਆਈ) ਨੂੰ ਹਦਾਇਤ ਕੀਤੀ ਗਈ ਕਿ ਉਹ ਸਾਰੇ ਛੋਟੇ ਤੇ ਵੱਡੇ ਹਵਾਈ ਅੱਡਿਆਂ ਨੂੰ ਢਾਂਚਾਗਤ ਮਜ਼ਬੂਤੀ ਦੇ ਮੁਆਇਨੇ ਲਈ ਸਰਕੁਲਰ ਜਾਰੀ ਕਰੇ। ਜਾਂਚ ਦਾ ਅਮਲ ਅਗਲੇ 2-3 ਦਿਨਾਂ ’ਚ ਮੁਕੰਮਲ ਕਰਕੇ ਰਿਪੋਰਟ ਮੰੰਤਰਾਲੇ ਨੂੰ ਸੌਂਪੀ ਜਾਵੇਗੀ। ਆਈਆਈਟੀ ਦਿੱਲੀ ਦੇ ਇੰਜਨੀਅਰਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਹੋਏ ਹਾਦਸੇ ਦੀ ਸਮੀਖਿਆ ਲਈ ਕਿਹਾ ਗਿਆ ਹੈ। -ਪੀਟੀਆਈ
ਜਬਲਪੁਰ ਦੇ ਹਵਾਈ ਅੱਡੇ ’ਤੇ ਕੈਨੋਪੀ ਦਾ ਇਕ ਹਿੱਸਾ ਕਾਰ ’ਤੇ ਡਿੱਗਾ
ਭੋਪਾਲ: ਮੱਧ ਪ੍ਰਦੇਸ਼ ਵਿਚ ਵੀਰਵਾਰ ਨੂੰ ਭਾਰੀ ਮੀਂਹ ਕਰਕੇ ਜਬਲਪੁਰ ਹਵਾਈ ਅੱਡੇ ਉੱਤੇ ਨਵੀਂ ਟਰਮੀਨਲ ਇਮਾਰਤ ’ਚ ਕੈਨੋਪੀ ਦਾ ਇਕ ਹਿੱਸਾ ਕਾਰ ’ਤੇ ਡਿੱਗ ਗਿਆ। ਨੁਕਸਾਨੀ ਗਈ ਕਾਰ ਇਕ ਆਮਦਨ ਕਰ ਅਧਿਕਾਰੀ ਦੀ ਸੀ। ਹਾਦਸੇ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਕਿਉਂਕਿ ਕਾਰ ਦਾ ਡਰਾਈਵਰ ਟਰਮੀਨਲ ਬਿਲਡਿੰਗ ਦੇ ਮੁੱਖ ਗੇਟ ਦੇ ਬਾਹਰ ਪੋਰਚ ਵਿਚ ਵਾਹਨ ਖੜ੍ਹਾ ਕਰਕੇ ਚਲਾ ਗਿਆ ਸੀ। ਏਅਰਪੋਰਟ ਅਥਾਰਿਟੀ ਨੇ ਇਸ ਪੂਰੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਰਾਕੇਸ਼ ਸਿੰਘ ਨੇ ਕਿਹਾ, ‘‘ਹਵਾਈ ਅੱਡੇ ’ਤੇ ਹਾਦਸੇ ਦਾ ਪਤਾ ਲੱਗਾ ਹੈ... ਜਾਂਚ ਜਾਰੀ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।’’ -ਏਜੰਸੀ
ਘਟਨਾ ਮੋਦੀ ਸਰਕਾਰ ਦੇ ‘ਭ੍ਰਿਸ਼ਟਾਚਾਰੀ ਮਾਡਲ’ ਦੀ ਮਿਸਾਲ: ਕਾਂਗਰਸ
ਕਾਂਗਰਸ ਨੇ ਅੱਜ ਦਿੱਲੀ ਹਵਾਈ ਅੱਡੇ ’ਤੇ ਵਾਪਰੇ ਹਾਦਸੇ ਨੂੰ ਮੋਦੀ ਸਰਕਾਰ ਦੇ ‘ਭ੍ਰਿਸ਼ਟਾਚਾਰੀ ਮਾਡਲ’ ਦੀ ਮਿਸਾਲ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ’ਚ ਬਣੇ ਬੁਨਿਆਦੀ ਢਾਂਚੇ ਘਟੀਆ ਮਿਆਰ ਕਾਰਨ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਰਹੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਲਿਖਿਆ, ‘ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਡ ਡਿੱਗੀ, ਜਬਲਪੁਰ ਹਵਾਈ ਅੱਡੇ ਦੀ ਛੱਡ ਡਿੱਗੀ, ਅਯੁੱਧਿਆ ’ਚ ਨਵੀਆਂ ਸੜਕਾਂ ਦੀ ਹਾਲਤ ਖਸਤਾ, ਰਾਮ ਮੰਦਰ ’ਚ ਲੀਕੇਜ, ਪ੍ਰਗਤੀ ਮੈਦਾਨ ਸੁਰੰਗ ਪਾਣੀ ਨਾਲ ਭਰ ਗਈ ਤੇ ਗੁਜਰਾਤ ’ਚ ਮੋਰਬੀ ਪੁਲ ਤ੍ਰਾਸਦੀ ਹੋਈ।’ ਉਨ੍ਹਾਂ ਕਿਹਾ ਕਿ ਇਹ ਕੁਝ ਅਜਿਹੀਆਂ ਸਪੱਸ਼ਟ ਮਿਸਾਲਾਂ ਹਨ ਜੋ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ‘ਵਿਸ਼ਵ ਪੱਧਰੀ ਬੁਨਿਆਦੀ ਢਾਂਚੇ’ ਦੇ ਨਿਰਮਾਣ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਹਨ। ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਕਸ ’ਤੇ ਲਿਖਿਆ, ‘ਮਾਰਚ ’ਚ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਹਵਾਈ ਅੱਡੇ ਦੇ ਟੀ-1 ਦਾ ਉਦਘਾਟਨ ਕੀਤਾ, ਅੱਜ ਉਸ ਦੀ ਛੱਤ ਢਹਿ ਗਈ ਜਿਸ ’ਚ ਇੱਕ ਕੈਬ ਡਰਾਈਵਰ ਦੀ ਮੌਤ ਹੋ ਗਈ।’