Delhi Air Pollution: ਦਿੱਲੀ ਵਿੱਚ ਪ੍ਰਦੂਸ਼ਣ ਤੇ ਧੁੰਦ ਕਾਰਨ ਸੌ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ, 18 ਨਵੰਬਰ
ਦਿੱਲੀ ਦੀ ਆਬੋ ਹਵਾ ਹੋਰ ਪਲੀਤ ਹੋ ਗਈ ਹੈ। ਅੱਜ ਹਵਾ ਦੀ ਗੁਣਵੱਤਾ ਦਾ ਮਿਆਰ ਬੇਹੱਦ ਖਰਾਬ ਰਿਹਾ ਜਿਸ ਕਾਰਨ ਦਿੱਲੀ ਹਵਾਈ ਅੱਡੇ ’ਤੇ ਦਿਸਣਯੋਗਤਾ ਵੀ ਘੱਟ ਰਹੀ ਤੇ ਧੁੰਦ ਛਾਈ ਰਹੀ ਜਿਸ ਕਾਰਨ ਅੱਜ ਸੌ ਦੇ ਕਰੀਬ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਜਿਸ ਕਾਰਨ ਇਨ੍ਹਾਂ ਵਿਚੋਂ 15 ਦੇ ਕਰੀਬ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ’ਤੇ ਭੇਜਿਆ ਗਿਆ। ਇਹ ਪਤਾ ਲੱਗਿਆ ਹੈ ਕਿ ਏਅਰ ਇੰਡੀਆ, ਇੰਡੀਗੋ ਤੇ ਸਪਾਈਸ ਜੈਟ ਦੀਆਂ ਕਈ ਉਡਾਣਾਂ ਨੂੰ ਜੈਪੁਰ, ਲਖਨਊ ਤੇ ਦੇਹਰਾਦੂਨ ਭੇਜਿਆ ਗਿਆ। ਦਿੱਲੀ ਤੋਂ ਇਲਾਵਾ ਗੁਰੂਗ੍ਰਾਮ ਵਿਚ ਵੀ ਅੱਜ ਏਕਿਊਆਈ 576 ਦਰਜ ਕੀਤਾ ਗਿਆ।
ਦੱਸਣਾ ਬਣਦਾ ਹੈ ਕਿ ਦਿੱਲੀ ਵਿਚ ਅੱਜ ਪ੍ਰਦੂਸ਼ਣ ਵਧਣ ਕਾਰਨ ਕਈ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਹ ਲੈਣ ਦੀ ਸਮੱਸਿਆ ਆਈ ਤੇ ਕਈਆਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਹੈ ਕਿ ਉਹ ਪ੍ਰਦੂਸ਼ਣ ਵਾਲੇ ਖੇਤਰਾਂ ਵੱਲ ਨਾ ਜਾਣ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ। ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਪ੍ਰਦੂਸ਼ਣ ਤੋਂ ਘਟਾਉਣ ਤੇ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਇਸ ਸਬੰਧੀ ਕੀਤੇ ਗਏ ਪ੍ਰਬੰਧਾਂ ਦੀ ਨਿਗਰਾਨੀ ਲਈ ਸੂਬਾ ਸਰਕਾਰਾਂ ਵੱਖਰੀਆਂ ਟੀਮਾਂ ਬਣਾਉਣ।