Delhi air pollution: Delhi NCR ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਦੂਜੇ ਦਿਨ ਵੀ ਬਹੁਤ ਗੰਭੀਰ
ਨਵੀਂ ਦਿੱਲੀ, 19 ਨਵੰਬਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਕੌਮੀ ਰਾਜਧਾਨੀ ਨੇ ਸਵੇਰੇ 8 ਵਜੇ ਤੱਕ 488 ਏਅਰ ਕੁਆਲਿਟੀ ਇੰਡੈਕਸ (AQI) ਦਰਜ ਕੀਤਾ। ਅਜਿਹੇ ਉੱਚ ਏਅਰ ਕੁਆਲਿਟੀ ਇੰਡੈਕਸ (AQI) ਪੱਧਰ ’ਤੇ ਹਵਾ ਨੂੰ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ, ਖਾਸ ਤੌਰ ’ਤੇ ਕਮਜ਼ੋਰ ਸਮੂਹਾਂ ਜਿਵੇਂ ਕਿ ਬੱਚਿਆਂ, ਬਜ਼ੁਰਗਾਂ, ਅਤੇ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਲਈ।
ਅੱਜ ਸਵੇਰੇ 7:20 ਵਜੇ ਭੀਕਾਜੀ ਕਾਮਾ ਦੇ ਆਲੇ-ਦੁਆਲੇ ਤੋਂ ਡਰੋਨ ਵਿਜ਼ੂਅਲ ਵਿੱਚ ਪੂਰੇ ਖੇਤਰ ਵਿਚ ਧੂੰਏਂ ਦੀ ਇੱਕ ਮੋਟੀ ਪਰਤ ਦਿਖਾਈ ਦਿੱਤੀ। ਉਧਰ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਧੂੰਏਂ ਕਾਰਨ ਦਿੱਲੀ ਵਿਚ 22 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 9 ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ। ਦਿੱਲੀ ਦੇ ਕਾਰਤਵਯ ਮਾਰਗ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਨੂੰ ਧੂਏ ਦੀ ਸੰਘਣੀ ਪਰਤ ਵਿਚ ਸਵੇਰ ਦੀ ਸੈਰ ਅਤੇ ਸਾਈਕਲਿੰਗ ਕਰਨੀ ਪਈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਨੇ ਦਿੱਲੀ ਅਤੇ NCR ਵਿੱਚ ਗੰਭੀਰ ਪ੍ਰਦੂਸ਼ਣ ਅਤੇ ਖਤਰਨਾਕ AQI ਪੱਧਰ ਦਾ ਹਵਾਲਾ ਦਿੰਦੇ ਹੋਏ 22 ਨਵੰਬਰ ਤੱਕ ਆਨਲਾਈਨ ਕਲਾਸਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਹਰਿਆਣਾ ਵਿੱਚ ਡਿਪਟੀ ਕਮਿਸ਼ਨਰ ਗੁਰੂਗ੍ਰਾਮ ਦੇ ਦਫ਼ਤਰ ਨੇ ਕਿਹਾ ਹੈ ਕਿ ਸੈਕੰਡਰੀ ਸਿੱਖਿਆ ਹਰਿਆਣਾ ਦੇ ਨਿਰਦੇਸ਼ਕ ਦੇ ਨਿਰਦੇਸ਼ਾਂ ਦੇ ਅਨੁਸਾਰ ਅਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਗੁਰੂਗ੍ਰਾਮ ਜ਼ਿਲ੍ਹੇ ਵਿੱਚ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਸਰੀਰਕ ਕਲਾਸਾਂ 19 ਨਵੰਬਰ ਤੋਂ 23 ਨਵੰਬਰ ਤੱਕ ਮੁਅੱਤਲ ਰਹਿਣਗੀਆਂ।
ਮੁੰਬਈ, ਦਿੱਲੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਸਮੇਤ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ, ਜੋ ਗੰਭੀਰ ਪੱਧਰਾਂ 'ਤੇ ਪਹੁੰਚ ਗਈ ਹੈ ਅਤੇ ਸਿਹਤ ਦੇ ਖਤਰਿਆਂ ਬਾਰੇ ਚਿੰਤਾਵਾਂ ਪੈਦਾ ਕਰ ਰਹੀ ਹੈ। ਏਐੱਨਆਈ