Delhi Air Pollution: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਮੁੜ ਵਧਿਆ
ਨਵੀਂ ਦਿੱਲੀ, 8 ਦਸੰਬਰ
Delhi Air Pollution: ਕੌਮੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਅੱਜ ਤੋਂ ਮੁੜ ਵੱਧ ਗਿਆ ਹੈ। ਇਸ ਤੋਂ ਪਹਿਲਾਂ ਇਕ ਹਫਤਾ ਦਿੱਲੀ ਵਾਸੀਆਂ ਨੇ ਕੁਝ ਹੱਦ ਤਕ ਸਾਫ ਹਵਾ ਵਿਚ ਸਾਹ ਲਿਆ ਸੀ ਪਰ ਅੱਜ ਮੁੜ ਪ੍ਰਦੂਸ਼ਣ ਦਾ ਪੱਧਰ ਤਿੰਨ ਸੌ ਤੋਂ ਪਾਰ ਪੁੱਜ ਗਿਆ ਹੈ। ਦਿੱਲੀ ਵਿਚ ਅੱਜ ਏਕਿਊਆਈ 302 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਆਖਰੀ ਵਾਰ 30 ਨਵੰਬਰ ਨੂੰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ ਤੇ ਉਸ ਵੇਲੇ ਏਕਿਊਆਈ 346 ਦਰਜ ਕੀਤਾ ਗਿਆ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਵਿਚ ਬੀਤੇ ਦਿਨੀਂ ਏਕਿਊਆਈ 233 ਦਰਜ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਤਕ ਕੌਮੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਘਟਦਾ ਨਹੀਂ ਤਦ ਤਕ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਚੌਥੇ ਪੜਾਅ ਤਹਿਤ ਲਾਈਆਂ ਪਾਬੰਦੀਆਂ ਜਾਰੀ ਰਹਿਣਗੀਆਂ। ਦੱਸਣਾ ਬਣਦਾ ਹੈ ਕਿ ਦਿੱਲੀ-ਐਨਸੀਆਰ ਵਿਚ ਅਕਤੂਬਰ ਅਤੇ ਦਸੰਬਰ ਦਰਮਿਆਨ ਖੇਤਰ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਨਾਲ ਜੂਝਣਾ ਪੈਂਦਾ ਹੈ। ਦੇਸ਼ ਦੀ ਸਰਵਉਚ ਅਦਾਲਤ ਨੇ ਨਵੰਬਰ ਵਿਚ ਚੌਥੇ ਪੜਾਅ ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹਿਣ ’ਤੇ ਦਿੱਲੀ ਸਰਕਾਰ, ਦਿੱਲੀ ਪੁਲੀਸ, ਦਿੱਲੀ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਖਿਚਾਈ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲੀਸ ਤੇ ਨਗਰ ਨਿਗਮ ਟੀਮਾਂ ਨੇ ਰਾਜਧਾਨੀ ਦੇ ਐਂਟਰੀ ਪੁਆਇੰਟਾਂ ’ਤੇ ਸਖਤੀ ਕਰ ਦਿੱਤੀ ਸੀ ਤੇ ਮਿਆਦ ਪੁੱਗਾ ਚੁੱਕੇ ਡੀਜ਼ਲ ਵਾਹਨਾਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਸੀ।